ਜੀਵਨ ਖ਼ਾਬ ਸੁਹਾਣਾ ਲੰਘਿਆ ਉਹਦੇ ਨਾਲ

ਜੀਵਨ ਖ਼ਾਬ ਸੁਹਾਣਾ ਲੰਘਿਆ ਉਹਦੇ ਨਾਲ ।

ਮੇਰਾ ਇਕ ਜ਼ਮਾਨਾ ਲੰਘਿਆ ਉਹਦੇ ਨਾਲ ।

ਕਿਸਰਾਂ ਭੁੱਲ ਜਾਵਾਂ ਹੁਣ ਉਹਦੀਆਂ ਯਾਦਾਂ ਨੂੰ,

ਚੋਖਾ ਵਕਤ ਪੁਰਾਣਾ ਲੰਘਿਆ ਉਹਦੇ ਨਾਲ ।

ਕਿਉਂ ਵੇਲੇ ਨੇ ਅੱਗਾਂ ਲਾਈਆਂ ਸੋਚਾਂ ਨੂੰ,

ਅਜ ਇਕ ਹੋਰ ਫ਼ਸਾਨਾ ਲੰਘਿਆ ਉਹਦੇ ਨਾਲ ।

ਆਈਆਂ ਦਿਲ ਦੇ ਸ਼ੀਸ਼ੇ ਵਿਚ ਤਰੇੜਾਂ ਨੇ,

ਜਦ ਦਾ ਇਕ ਬੇਗਾਨਾ ਲੰਘਿਆ ਉਹਦੇ ਨਾਲ ।

ਧੁੱਪਾਂ-ਛਾਵਾਂ ਦੀ ਨਾ ਸੀ ਪਰਵਾਹ ਕੋਈ,

ਕਿੰਨਾਂ ਅਜਬ ਯਾਰਾਨਾ ਲੰਘਿਆ ਉਹਦੇ ਨਾਲ ।

'ਰਾਹਤ' ਅਜ ਉਹ ਮਨਜ਼ਰ ਖ਼ਾਲਮ ਖ਼ਾਲੀ ਏ,

ਕਦੀ ਸੀ ਦਿਲ ਦੀਵਾਨਾ ਲੰਘਿਆ ਉਹਦੇ ਨਾਲ ।

📝 ਸੋਧ ਲਈ ਭੇਜੋ