ਜੀਵਨ ਸਹਿਰਾ ਵਿੱਚ ਨਾ ਲੱਭਿਆ

ਜੀਵਨ ਸਹਿਰਾ ਵਿੱਚ ਨਾ ਲੱਭਿਆ, ਸਾਨੂੰ ਸਾਇਆ ਕੋਈ ਵੀ

ਔਖਾ ਪੰਧ ਹਿਆਤੀ ਦਾ 'ਤੇ, ਨਾਲ ਨਾ ਆਇਆ ਕੋਈ ਵੀ

ਬੇਸ਼ਕ ਉਸ ਦੇ ਦਿਲ ਦੀ ਧਰਤੀ, ਬੰਜਰ ਖੇਤੀ ਵਰਗੀ ਏ,

ਜਿਸ ਬੰਦੇ ਨੇ ਪਿਆਰ ਦਾ ਬੂਟਾ, ਨਾ ਸੀ ਲਾਇਆ ਕੋਈ ਵੀ

ਪਿਆਰ ਭਰੇ ਦੋ ਬੋਲ ਤੇ ਇਕ ਨਿੰਮਾਂ ਜਿਹਾ ਹਾਸਾ ਉਲਫ਼ਤ ਦਾ,

ਸਾਡੇ ਲਈ ਤਾਂ ਇਸ ਤੋਂ ਵਧ ਕੇ ਨਹੀਂ ਸਰਮਾਇਆ ਕੋਈ ਵੀ

ਗ਼ੈਰਾਂ ਨੇ ਤੇ ਪਿਆਰ ਵੀ ਦਿੱਤਾ, ਇੱਜ਼ਤ ਵੀ ਅਪਣਾਇਤ ਵੀ,

ਸੱਜਨਾਂ ਤੂੰ ਦੁੱਖ ਦਿੱਤੇ ਸਾਡਾ, ਪਿਆਰ ਨਾ ਪਾਇਆ ਕੋਈ ਵੀ

ਜਦ ਤੋਂ 'ਲਫ਼ਜ਼' ਮੁਹੱਬਤ ਮੇਰੀ ਸਮਝ 'ਚ ਆਇਆ 'ਹਾਲਾ',

ਲਗਦਾ ਨਹੀਂ ਮੈਨੂੰ ਤੇ ਹੁਣ ਸ਼ਖ਼ਸ ਪਰਾਇਆ ਕੋਈ ਵੀ

📝 ਸੋਧ ਲਈ ਭੇਜੋ