ਜੀਵੇ ਮੇਰਾ ਪੰਜਾਬ

ਜਿਸ ਦੀਆਂ ਨਦੀਆਂ ਵੀ

ਮੜ੍ਹਕ ਨਾਲ ਟੁਰਨਾ ਸਿਖਾਉਣ

ਦਰਿਆ ਦੱਸਣ 

ਕਿੰਝ ਸੀਨੇ ਤਾਣੀ ਦੇ ਨੇ ਵੈਰੀਆਂ ਮੂਹਰੇ 

ਪਿਆਰ ਕਿੰਝ ਵੰਡੀਦਾ

ਬ੍ਰਹਿਮੰਡੀਂ ਬਾਂਹਾਂ ਖਿਲਾਰ ਕੇ

ਕਲਾਵਿਆਂ ਕਿਵੇਂ 

ਘੁੱਟ ਕੇ ਲਈਦਾ

ਦੁਖੀਆਂ ਦੀਆਂ ਚੀਸਾਂ ਤੇ ਦਰਦਾਂ ਨੂੰ 

ਪੰਜਾਬ ਦੀਆਂ 

ਸੋਹਣੀਆਂ ਕੁੜੀਆਂ ਨੇ 

ਮਿੱਟੀ ਵੰਨਸੁਵੰਨਤਾ ਖਿਲਾਰੀ

ਤੇ ਅਲਸੀ ਸਰੋਂ ਦੇ ਫੁੱਲ ਖਿੜ੍ਹੇ 

ਜਵਾਨ ਮੁਟਿਆਰਾਂ  

ਨੇ ਆਪਣੀਆਂ ਚੁੰਨੀਆਂ ਦੇ ਰੰਗਾਂ ਚੋਂ 

ਫੁੱਲ ਪੱਤੀਆਂ ਨੂੰ ਰੰਗਿਆ 

ਸੂਹੇ ਬੁੱਲ੍ਹਾਂ ਨਾਲ ਮਹਿਕਣਾ ਹੱਸਣਾ ਦੱਸਿਆ

ਪੰਜਾਬਣਾ ਨੇ ਤਿੱਖੀਆਂ ਨਜ਼ਰਾਂ ਨਾਲ 

ਸਿਖਾਇਆ ਮਟਕਾਉਣਾ ਨਖ਼ਰਿਆਂ ਤੇ ਪੌਣਾਂ ਨੂੰ 

ਇਹਦੀਆਂ ਦੀਆਂ ਚਿੜੀਆਂ ਨੇ

ਗੀਤਾਂ ਨੂੰ ਸੁਰ ਤਾਲ ਸਮਝਾਏ

ਅੰਬਰਾਂ ਉਡਣਾ

ਤੇ ਬੱਦਲਾਂ ਨਾਲ 

ਸੰਵਾਦ ਰਚਾਉਣਾ ਦੱਸਿਆ 

ਇਹਦੇ ਪਰਿੰਦਿਆਂ ਨੇ 

ਪੰਜਾਬੀ ਰੀਤਾਂ ਰਿਵਾਜਾਂ ਨੇ

ਨੇੜੇ ਬਹਿ ਦੁੱਖ ਸੁੱਖ ਸਾਂਝੇ ਕਰਨੇ ਦੱਸੇ

ਟੁੱਟੇ ਸਾਹਾਂ ਦੀਆਂ ਤੰਦਾਂ ਨੂੰ ਜੋੜਨਾ 

ਗਲਵੱਕੜੀਆਂ ਨੇ ਸਮਝਾਇਆ ਕਿ

ਗਵਾਂਢੋਂ ਕਦੇ ਪਰਤ ਕੇ ਨਾ ਜਾਇਓ

ਬਗੈਰ ਸੀਨੇ ਠਾਰਨ ਦੇ 

ਬੂਹਿਆਂ ਦਰਾਂ ਨੇ 

ਇਕ ਦੂਸਰੇ ਘਰ ਜਾ ਕੇ 

ਰੂਹਾਂ ਦੇ ਬੂਹਿਆਂ ਤੇ ਦਸਤਕ ਕਰਨੀ ਦੱਸੀ

ਭਰੀਆਂ ਕੌਲੀਆਂ ਛੰਨੇ

ਦੀਵਾਰਾਂ ਟੱਪ ਕੇ ਮਿਲੇ

ਰੁੱਤਾਂ ਲੋਰੀਆਂ ਦੇ ਖਿੜੇ ਚਿਹਰਿਆਂ ਤੇ ਮੁਸਕਰਾਹਟਾਂ ਨੂੰ 

ਇਹਦੀਆਂ ਹਵਾਵਾਂ ਹੀ ਸਨ

ਜਿਹਨਾਂ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨ ਦਾ 

ਪਹਿਲਾ ਸਬਕ ਦਿੱਤਾ

 

ਸਾਹਾਂ ਦੀ ਤਾਂਘ ਖਿੱਚ ਪਿਆਰ ਨੇ

ਮੱਥਿਆਂ ਤੇ ਨਸੀਬ ਖੁਣੇ 

ਡੁਸਕਦੀਆਂ ਹਿੱਕਾਂ ਨੂੰ ਦਿਲਾਸੇ ਦੇਣ ਵਾਲੇ 

ਰੀਤਾਂ ਚੋਂ ਰੀਝਾਂ ਉਗਮੀਆਂ 

ਕੀ ਕੀ ਨਹੀਂ ਬਖਸ਼ਿਆ 

ਪੰਜਾਬ ਦੀ ਮਿੱਟੀ ਨੇ ਸਾਨੂੰ 

ਪਹਿਲੇ ਛਰਾਟੇ ਨਾ ਹੁੰਦੇ

ਤਾਂ ਤਪਦੀਆਂ ਧੁੱਪਾਂ ਚੋਂ ਮਹਿਕਾਂ ਨਹੀਂ ਸੀ

ਕਿਸੇ ਨੇ ਮਾਨਣੀਆਂ ਧੁਦਲਾਂ ਦੀਆਂ 

ਝੱਟ ਹੱਥ ਧਰਨੇ ਜਾ ਕੇ ਮੋਢਿਆਂ ਤੇ ਦੱਸੇ

ਵਿਲਕਦੀਆਂ ਟਾਹਰਾਂ ਮਾਰਦੀਆਂ ਪਲਕਾਂ ਅਤੇ ਹੰਝੂਆਂ ਦੇ 

ਏਨੇ ਪਿਆਰ ਤੇ ਮੋਹ ਵਾਲੇ

ਕਿੱਥੇ ਲੱਭਣੇ ਸੀ 

ਰੁੱਖਾਂ ਦੇ ਪੱਤਿਆਂ ਨੂੰ ਰਾਗ

ਸੌ ਸੌ ਮੱਥੇ ਵੱਟ ਪਾ

ਦਰਾਂ ਮੂਹਰਿਓਂ ਲੰਘ ਜਾਣਾ ਸੀ ਖੰਘੂਰਿਆਂ ਨੇ 

ਹੰਕਾਰੀ ਤਿਉੜੀਆਂ ਪਾ

ਜੇ ਪੰਜਾਬੀ ਪੌਣਾਂ ਵਿਚ ਗਲੇ ਲਗਾਉਣ ਦਾ ਚਾਅ ਨਾ ਹੁੰਦਾ ਤਾਂ 

ਇੱਕ ਦੂਜੇ ਦੇ ਦੁੱਖਾਂ ਸੁੱਖਾਂ ਨੇ

ਇਕੱਲਿਆਂ ਹੀ ਡੁਸਕ ਡੁਸਕ ਸੌਂ ਜਾਣਾ ਸੀ 

ਗੀਗਿਆਂ ਦੀਆਂ ਤਾਜ਼ੀਆਂ ਬਣਾਈਆਂ

ਪੰਜੀਰੀਆਂ ਲੱਡੂ 

ਖ਼ਬਰੇ ਕੌਣ ਖਾਂਦਾ ਕੱਲਾ ਕੱਲਾ 

ਸਦੀਆਂ ਦੇ ਚਾਵਾਂ ਨੂੰ

ਕੱਠੇ ਹੋ ਕੇ ਨੱਚਣਾ ਹੱਸਣਾ ਸਿਖਾਇਆ 

ਦੂਰ ਹੋ ਹੋ ਬੈਠੀਆਂ ਨਾਰਾਜ਼ ਗਲੀਆਂ ਨੇ 

ਰਵਾਇਤਾਂ ਨੇ ਘਰ ਘਰ ਜਾ ਸੱਦੇ

ਦਿਤੇ ਨੱਚਣ ਗਾਉਣ ਦੇ 

ਪੰਜਾਬ ਦੀਆਂ ਰੀਝਾਂ ਰੌਣਕਾਂ

ਰਾਹਾਂ ਚੁਰਾਹਿਆਂ ਨੇ 

ਕੀ ਕੁੱਝ ਨਹੀਂ ਦਿੱਤਾ ਮੈਨੂੰ ਤੇ ਤੁਹਾਨੂੰ 

ਜੀਵੇ ਮੇਰਾ ਪੰਜਾਬ ਤੇ

ਜੱਗ ਜਿਊਣ ਮੇਰੇ ਪੰਜਾਬੀ

ਜਿਹਨੂੰ ਮੈਂ

ਜੱਫੀਆਂ ਪਾਉਣ ਜਾਣਾ ਘੁੱਟ ਘੁੱਟ

📝 ਸੋਧ ਲਈ ਭੇਜੋ