ਜ਼ਹਿਰ ਪਿਆਲੇ ਦੇ ਵਿਚ

ਜ਼ਹਿਰ ਪਿਆਲੇ ਦੇ ਵਿਚ ਅਮ੍ਰਿਤ ਘੋਲਾਂਗਾ ।

ਮੈਂ ਜਾਬਰ ਸੁਲਤਾਨ ਦੇ ਅੱਗੇ ਬੋਲਾਂਗਾ ।

ਆਪਣਾ ਜੇ ਕਰ ਤਖ਼ਤ ਹਜ਼ਾਰਾ ਛੱਡਿਆ ਏ,

ਪੈਰਾਂ ਹੇਠ ਮੈਂ ਝੰਗ ਸਿਆਲ ਮਧੋਲਾਂਗਾ ।

ਮੈਂ ਧੀਦੋ ਨੂੰ ਮਾਨ ਹੈ ਆਪਣੀ ਵੰਝਲੀ ਤੇ,

ਆਪਣੀ ਜੱਟੀ ਹੀਰ ਦੇ ਮਨ ਨੂੰ ਮੋਹਲਾਂਗਾ ।

ਬਣ ਕੇ ਵਾਂਗ ਕਿਤਾਬ ਮੇਰੇ ਹੱਥ ਲੱਗਾ ਏ,

ਹੁਣ ਮੈਂ ਉਹਦਾ ਵਰਕਾ ਵਰਕਾ ਫੋਲਾਂਗਾ,

ਆਪਣੇ ਹੱਥੀਂ ਆਪਣੀ ਮੌਤ ਲਿਆਵਾਂਗਾ,

ਆਪਣੇ ਹੱਥੀਂ ਉਹਦੀਆਂ ਜ਼ੁਲਫ਼ਾਂ ਖੋਲ੍ਹਾਂਗਾ ।

ਆਖ਼ਰ ਬੇਲੇ ਵਿਚ ਚੁਰਾਈਆਂ ਮੱਝਾਂ ਨੇ,

ਕਾਲੀ ਬੂਰੀ ਜੋ ਵੀ ਲੱਭੀ ਚੋ ਲਾਂਗਾ ।

ਮੈਂ ਤੇ ਆਪਣਾ ਲਾਲ ਸੰਭਾਲੀ ਰੱਖਿਆ ਏ,

ਮੈਂ ਕਾਹਦੇ ਲਈ 'ਅਰਸ਼ਦ' ਰਾਖ ਫਰੋਲਾਂਗਾ ।

📝 ਸੋਧ ਲਈ ਭੇਜੋ