ਜਿਹੜਾ ਇਕ ਵਾਰੀ ਤੇਰਾ ਮਸਤਾਨਾ ਹੋ ਜਾਂਦਾ ਹੈ।
ਉਹਦੇ ਭਾਣੇ ਮਕ਼ਤਲ ਵੀ ਮੈਅ ਖ਼ਾਨਾ ਹੋ ਜਾਂਦਾ ਹੈ।
ਪਾਗਲ ਹੋਇਆ ਫਿਰਦਾ ਹੈ ਜਿਸਨੂੰ ਦਰਸ ਨਹੀਂ ਮਿਲਦਾ
ਤਕ ਲੈਂਦਾ ਹੈ ਜੋ ਤੈਨੂੰ ਉਹ ਦੀਵਾਨਾ ਹੋ ਜਾਂਦਾ ਹੈ ।
ਖ਼ਾਮੋਸ਼ੀ ਹੈ ਓਧਰ ਵੀ ਖ਼ਾਮੋਸ਼ੀ ਹੈ ਏਧਰ ਵੀ
ਫਿਰ ਕਿਉਂ ਭੇਤ ਮੁਹੱਬਤ ਦਾ ਅਫਸਾਨਾ ਹੋ ਜਾਂਦਾ ਹੈ ?
ਦਿਲ ਦੀ ਰਬਾਬ ਉੱਤੇ ਜਿਹੜਾ, ਛੇੜੇ ਰਾਗ ਮੁਹੱਬਤ ਦਾ
ਉਹ ਫਿਰ ਮਰਦੇ ਦਮ ਤੀਕਰ, ਮਰਦਾਨਾ ਹੋ ਜਾਂਦਾ ਹੈ।
ਉਲਫ਼ਤ ਦੀ ਵਾਦੀ ਅੰਦਰ ਸੋਚ ਸਮਝ ਕੇ ਪੈਰ ਧਰੀਂ
ਇਸ ਵਾਦੀ ਵਿਚ ਸਿਰ ਦਾ ਵੀ ਜੁਰਮਾਨਾ ਹੋ ਜਾਂਦਾ ਹੈ।
ਸੜਨਾ ਹੈ ਪਰਵਾਨ ਜਿਨੂੰ, ਹੁੰਦਾ ਹੈ ਪਰਵਾਨ ਉਹੀ
ਮੌਤੋਂ ਬੇ-ਪਰਵਾਹ ਹੈ ਜੋ ਪਰਵਾਨਾ ਹੋ ਜਾਂਦਾ ਹੈ।
ਰਿੰਦ ਅਤੇ ਵਾਇਜ਼ ਦੋਨੋਂ ਲੜਦੇ ਰਹਿੰਦੇ ਨੇ ਅਕਸਰ
ਪਰ ਠੇਕੇ ਵਿਚ ਦੋਹਾਂ ਦਾ ਯਾਰਾਨਾ ਹੋ ਜਾਂਦਾ ਹੈ ।
ਤੋਤਾ-ਚਸ਼ਮੀ ਏਨੀ ਹੈ ਤਕਦਾ ਵੀ ਨਹੀਂ ਉਹ ਏਧਰ
ਅਪਣਾ ਹੁੰਦਾ ਹੋਇਆ ਵੀ ਬੇਗਾਨਾ ਹੋ ਜਾਂਦਾ ਹੈ ।
ਹੁਸਨ ਦੀ ਭੇਟਾ ਕਰਨ ਲਈ ਚੀਜ਼ ਅਮੁੱਲੀ ਜਦ ਨ ਮਿਲੇ
ਇਸ਼ਕ ਵਲੋਂ ਫਿਰ ਸਿਰ ਦਾ ਹੀ ਨਜ਼ਰਾਨਾ ਹੋ ਜਾਂਦਾ ਹੈ ।
ਤਪ ਤੋਂ ਰਾਜ ਲਿਆ ਜਿਸਨੇ ਨਰਕ ਇਕਦਮ ਮਿਲਦਾ ਉਸਨੂੰ
ਜਿਸ ਵੇਲੇ ਅੰਦਾਜ਼ ਉਸਦਾ ਸ਼ਾਹਾਨਾ ਹੋ ਜਾਂਦਾ ਹੈ।
ਭੁਖ ਮਿਟ ਜਾਏ ਫੇਰ ਕਿਵੇਂ ‘ਹਮਦਰਦਾ' ਮਸਤਾਨੇ ਦੀ
ਉਹਦੀ ਮੇਹਰ ਦਾ ਲੰਗਰ ਜਦ ਮਸਤਾਨਾ ਹੋ ਜਾਂਦਾ ਹੈ ।