ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ

ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ ਘੁਲਦੇ ਰਹਿੰਦੇ ਨੇ

ਰੁੱਖ ਤੋਂ ਟੁੱਟੇ ਪੱਤਰਾਂ ਵਾਂਗੂੰ ਰੁਲਦੇ-ਖੁਲਦੇ ਰਹਿੰਦੇ ਨੇ

ਗ਼ਮ ਦਾ ਕੱਲਰ ਖਾਂਦਾ ਰਹਿੰਦੈ ਮੇਰੇ ਦਿਲ ਦੀ ਧਰਤੀ ਨੂੰ,

ਉਮੀਦਾਂ ਦੇ ਬੂਟੇ ਫਿਰ ਵੀ ਵਧਦੇ ਫੁਲਦੇ ਰਹਿੰਦੇ ਨੇ

ਮੈਥੋਂ ਜਿਹੜੀ ਗ਼ਲਤੀ ਹੋਵੇ ਮੈਂ ਉਹ ਹਸ ਕੇ ਮੰਨਣਾਂ ਵਾਂ,

ਕਿਉਂ ਜੇ ਮੈਂ ਵੀ ਬੰਦਾ ਹਾਂ ਤੇ ਬੰਦੇ ਭੁੱਲਦੇ ਰਹਿੰਦੇ ਨੇ

ਵਿਰਲੇ ਵਾਂਝੇ ਲੋਕ ਨੇ ਜਿਹੜੇ ਪੜ੍ਹਨ ਕਿਤਾਬ ਹਿਆਤੀ ਦੀ,

ਬਹੁਤੇ ਲੋਕੀ ਅੱਖੀਆਂ ਮੀਟ ਕੇ ਵਰਕੇ ਥਲਦੇ ਰਹਿੰਦੇ ਨੇ

ਪਲ ਵਿਚ ਏਥੇ ਪਲ ਵਿਚ ਉੱਥੇ ਇਹ ਵੇ ਕਾਗ ਬਨੇਰੇ ਦਾ,

ਇਸ ਦੌਲਤ ਦੀ ਸ਼ਹਿ ਤੇ ਬੰਦੇ ਐਵੇਂ ਫੁਲਦੇ ਰਹਿੰਦੇ ਨੇ

ਉਹਨੂੰ ਫੇਰ ਇਨਸਾਫ਼ ਤਰਾਜ਼ੂ ਦੱਸੋ ਕਿਸਰਾਂ ਮੰਨ ਲਈਏ,

ਜਿਸ ਤੱਕੜੀ ਵਿਚ ਫੁੱਲ ਤੇ ਕੰਡੇ ਸਾਵੇਂ ਤੁਲਦੇ ਰਹਿੰਦੇ ਨੇ

ਬੇਸ਼ਕ ਕੋਈ ਨਾ ਵਾਕਫ਼ ਹੁੰਦਾ'ਆਦਿਲ'ਗੁੱਝੀਆਂ ਪੀੜਾਂ ਦਾ,

ਭੇਦ ਦਿਲਾਂ ਦੇ ਅੱਖੀਆਂ ਰਾਹੀਂ ਆਪੇ ਖੁੱਲ੍ਹਦੇ ਰਹਿੰਦੇ ਨੇ

📝 ਸੋਧ ਲਈ ਭੇਜੋ