ਜਿਹੜੀ ਦਿੰਦੀ ਸੀ ਅਸੀਸ

ਜਿਹੜੀ ਦਿੰਦੀ ਸੀ ਅਸੀਸ ਸੁੱਚੇ ਸ਼ਬਦਾਂ ਦੇ ਨਾਲ਼

ਮੇਰੇ ਸਾਹਮਣੇ ਉਹ ਮਾਂ-ਬੋਲੀ ਮਰੀ ਜਾਂਦੀ

ਕੰਡ ਕਰਕੇ ਔਲਾਦ ਹੈ ਪੁਆਂਦੀ ਵੱਲ ਖੜ੍ਹੀ

ਭਰੇ ਮਨ ਨਾਲ਼ ਵੇਖ ਕੇ ਮਾਂ ਜਰੀ ਜਾਂਦੀ

ਜਿਹੜੀ ਆਖਦੀ ਸੀ ਜੀਂਦਾ ਰ੍ਹਵੇਂ  ਜੀਣ ਜੋਗਿਆ

ਮੇਰੇ ਸਾਹਮਣੇ ਉਹ ਮਾਂ ਮੇਰੀ ਮਰੀ ਜਾਂਦੀ

ਜਿਹੜੀ ਦਿੰਦੀ ਸੀ ਅਸੀਸ ...

ਇਹਦੇ ਕਰਮਾਂ ਤੇ ਧਰਮਾਂ ਨੇ ਡਾਕਾ ਮਾਰਿਆ

ਭਾਈ ਮੁੱਲਿਆਂ ਮੌਲਾਣਿਆਂ ਨੇ ਵੰਡ ਮਾਰਿਆ

ਇਹਨੂੰ ਆਪਣੀ ਔਲਾਦ ਨੇ ਹੀ ਦੁਰਕਾਰਿਆ

ਇਹਨੂੰ ਪੋਟਾ ਪੋਟਾ ਟੋਟਾ ਟੋਟਾ ਕਰ ਮਾਰਿਆ

ਇਹਦੀ ਏਨੀ ਹੋਈ ਵੰਡ ਜਿਹਨੇ ਤੋੜ ਸੁੱਟੀ ਕੰਡ

ਬੇਗ਼ੈਰਤੀ ਅਣਸ ਸਭ ਜਰੀ ਜਾਂਦੀ

ਜਿਹੜੀ ਦਿੰਦੀ ਸੀ ਅਸੀਸ  ...

ਪੰਜ ਆਬਾਂ ਦੀ ਇਹ ਜਾਈ, ਸੁਰਖ਼ਾਬ ਮੁਰਗਾਈ

ਜਦ ਪੱਤਣਾਂ ਤੇ ਆਈ ਸਾਰੇ ਮੱਚਗੀ ਦੁਹਾਈ

ਪੰਛੀ ਕਿੰਨੇ ਪ੍ਰਵਾਸ ਦੇ ਵੀ ਨਾਲ਼ ਇਹ ਲਿਆਈ

ਅੱਜ ਪਾਣੀ ਪਾਣੀ ਪਾਣੀਆਂ ‘ਚ ਆਪਣੇ ਪਰਾਈ

ਸਭ ਸੁੱਕ ਚੱਲੇ ਆਬ ,ਮੁੱਕ ਚੱਲੇ ਸਾਰੇ ਖ਼ਾਬ

ਸੁੱਕ ਚੱਲੇ ਇਹਦੇ ਮਾਪਿਆਂ ਜਏ ਰਾਵੀ ਤੇ ਚਨਾਬ

ਪਾਣੀ ਆਬਾਂ ਵਾਲ਼ਾ ਅੱਖੀਆਂ ‘ਚ ਭਰੀ ਜਾਂਦੀ

ਜਿਹੜੀ ਦਿੰਦੀ ਸੀ ਅਸੀਸ...

ਨਾਥ ਜੋਗੀਆਂ ਦੇ ਵਿਹੜੇ ਖੇਡ ਹੋਈ ਮੁਟਿਆਰ

ਗੁਰੂ ਸੂਫ਼ੀਆਂ ਫ਼ਕੀਰਾਂ ਕੀਤਾ ਲਾਡ ਤੇ ਪਿਆਰ

ਪੰਜ ਆਬਾਂ ਦੇ ਦੁਆਬਾਂ ਵਿੱਚ ਗੱਲਾਂ ਚੱਲੀਆਂ

ਜਦ ਅਰਬੀ ਤੇ ਫ਼ਾਰਸੀ ਨੇ ਕੀਤਾ ਸ਼ਿੰਗਾਰ

ਕਿਤੇ ਬੁੱਲ੍ਹਾ ਨਾਲ਼ ਨੱਚੇ ਕਿਤੇ ਰਾਂਝਾ ਨਾਲ਼ ਗਾਵੇ

ਸਾਰੇ ਨਾਲ਼ ਨੱਚ ਉਠੇ ਟਿੱਲੇ ਤਕੀਏ ਮਜ਼ਾਰ

ਤੁਰੀ ਜਾਂਦੀ ਦੀ ਮੜਕ ਲੋਕ ਤੱਕ ਤੱਕ ਕੇ

ਸਾਰੇ ਆਖਦੇ ਸੀ ਵੇਖੋ ਵੇਖੋ ਪਰੀ ਜਾਂਦੀ

ਜਿਹੜੀ ਦਿੰਦੀ ਸੀ ਅਸੀਸ ...

ਕਿੰਨੇ ਇਤਰਾਂ ਦੇ ਅਰਕ ਨੇ ਇਹਦੇ ‘ਚ ਸਮਾਏ

ਸੱਚੇ ਪਾਤਸ਼ਾਹ ਦੇ ਬੋਲ ,ਵਾਕ ਸ਼ਬਦ ਇਹ ਗਾਏ

ਇਹ ਮੱਕਿਆਂ ਦਾ ਹੱਜ ਤੇ ਕੁਰਾਨ ਦੀ ਅਜਾਨ

ਜੋਗੀ ਅਲਖ ਜਗਾਏ ਗੁਰੂ ਖ਼ਲਕ ਜਗਾਏ

ਇਹਦੀ ਆਤਮਾ ‘ਚ ਪ੍ਰੀਤਾਂ ਦੀਆਂ ਰੀਤਾਂ ਭਰੀਆਂ

ਇਹਦੇ ਗੀਤਾਂ ਵਿੱਚੋਂ ਭਿੰਨੀ ਭਿੰਨੀ ਖੁਸ਼ਬੋਈ ਆਏ

ਜੋ ਸੀ ਕਦੇ ਪਟਰਾਣੀ ਗੋਲੀ ਬਣਗੀ ਨਿਤਾਣੀ

ਨਿੰਮੋਝੂਣੀ ਹੋ ਨਿਮਾਣੀ ਮਨ ਭਰੀ ਜਾਂਦੀ

ਜਿਹੜੀ ਦਿੰਦੀ ਸੀ ਅਸੀਸ....

ਇਸ ਦੇਸ ਦੀਆਂ ਮਾਂਵਾਂ ਇਹਤੋਂ ਮੁੱਖ ਮੋੜਿਆ

ਉਹਨਾਂ  ਬਾਲਾਂ ਨੂੰ ਵੀ ਇਹਦੇ ਬੋਲਾਂ ਤੋਂ ਵਿਛੋੜਿਆ

ਮਾਂ ਨੂੰ ਛੱਡ ਕੇ ਬੇਗਾਨਿਆਂ ਵੀਰਾਨਿਆਂ ਦੇ ਵਿੱਚ

ਧੀਆਂ ਪੁੱਤਰਾਂ ਨੇ ਵੱਡੇ ਘਰੀਂ ਸਾਕ ਜੋੜਿਆ

ਇਹਨੂੰ ਮੂਲੋਂ ਹੀ ਵਿਸਾਰ ਇਹਦਾ ਕਰ ਤ੍ਰਿਸਕਾਰ

ਇਹਦੇ ਦੁੱਧ ਦਾ ਕਰਜ਼ ਉਹਨਾਂ ਇੰਜ ਮੋੜਿਆ

ਕੱਲੀ ਕੂੰਜ ਕੁਰਲਾਵੇ ਟੁੱਟਾ ਮਾਣ ਸਾਰੇ ਦਾਅਵੇ

ਜੱਗੋਂ ਮੁੱਕ ਚੱਲਾ ਸੀਰ ਮਨੋਂ ਡਰੀ ਜਾਂਦੀ

ਜਿਹੜੀ ਦਿੰਦੀ ਸੀ ਅਸੀਸ ....

ਉੱਠੋ ਸ਼ੇਰ-ਦੁੱਲਿਓ ਤੇ ਉੱਠੋ ਧੀਓ ਰਾਣੀਓਂ

ਦਰਦ ਵੰਡਾਓ ਮਾਂ ਦਾ ਮਰਜ਼ ਵੀ ਜਾਣਿਓਂ

ਮਾਲਵੇ ਦੇ ਪੁੱਤਰੋ ਮਝੈਲ ਤੇ ਦੁਆਬੀਓ

ਸਾਗਰਾਂ ਤੋਂ ਪਾਰ ਤੇ ਲਾਹੌਰ ਦੇ ਪੰਜਾਬੀਓ

ਕੌਣ ਆਖੂ ਸਾਰਿਆਂ ਨੂੰ ਓਏ ! ਜੀਣ ਜੋਗਿਓ

ਕਹਿਣ ਵਾਲ਼ੀ ਤੇ ਮਾਂ ਜਦੋਂ ਮਰੀ  ਜਾਂਦੀ

ਜਿਹੜੀ ਦਿੰਦੀ ਸੀ ਅਸੀਸ ....

📝 ਸੋਧ ਲਈ ਭੇਜੋ