ਜੇਕਰ ਸਾਡੇ ਸੱਜਣ ਬੇਲੀ

ਜੇਕਰ ਸਾਡੇ ਸੱਜਣ ਬੇਲੀ ਆਲ-ਦਵਾਲੇ ਹੁੰਦੇ ।

ਗ਼ੈਰਾਂ ਦੇ ਫਿਰ ਸੱਜਣਾਂ ਸਾਨੂੰ ਕਾਹਦੇ ਪਾਲੇ ਹੁੰਦੇ ।

ਅੰਨ੍ਹੀਆਂ ਰਾਤਾਂ ਦੇ ਵਿਚ ਯਾਰੋ ਠੇਡੇ ਕਦੀ ਨਾ ਖਾਂਦੇ,

ਜੇਕਰ ਲੋਕਾਂ ਗਲੀਆਂ ਦੇ ਵਿਚ ਦੀਵੇ ਬਾਲੇ ਹੁੰਦੇ ।

ਜਿਹੜੇ ਲੋਕੀ ਅੰਨ ਗ਼ਰੀਬਾਂ ਕੋਲੋਂ ਖੋਹਕੇ ਖਾਵਣ,

ਉਹ ਲੋਕੀ ਨੇ ਖ਼ਵਰੇ ਰਾਣੀ ਖ਼ਾਂ ਦੇ ਸਾਲੇ ਹੁੰਦੇ ।

ਲੱਭ ਲੈਂਦਾ ਮੈਂ ਉਹਨੂੰ ਜੇ ਉਹ ਆਪਣੀ ਥਾਂ ਤੇ ਹੁੰਦਾ,

ਭਾਵੇਂ ਰਸਤੇ ਦੇ ਵਿਚ ਜਿੰਨੇ ਮਰਜ਼ੀ ਖਾਲੇ ਹੁੰਦੇ ।

ਕੀ ਸੀ ਸੱਜਣਾ ਜੇ ਕਰ ਹੁੰਦਾ ਮੈਂ ਤੇਰਾ ਪਰਛਾਵਾਂ,

ਜਿੱਧਰ ਜਾਂਦੋਂ ਅਸੀਂ ਵੀ ਤੇਰੇ ਨਾਲੇ ਨਾਲੇ ਹੁੰਦੇ ।

ਜੇ ਕਰ ਮੈਂ ਵੀ ਨੀਚਾਂ ਦੇ ਨਾਲ ਯਾਰੀ ਲਾਈ ਹੁੰਦੀ,

ਹਾਸਿਆਂ ਦੀ ਥਾਂ ਮੇਰਿਆਂ ਬੁੱਲ੍ਹਾਂ ਤੇ ਵੀ ਨਾਲੇ ਹੁੰਦੇ ।

ਨਿੱਘੀਆਂ ਰਾਤਾਂ ਦੀ ਜੇ ਉਹਨੇ ਕਦਰ ਪਛਾਣੀ ਹੁੰਦੀ,

ਕਾਹਨੂੰ ਉਹਦਿਆਂ ਲੇਖਾਂ ਦੇ ਵਿਚ ਐਨੇ ਪਾਲੇ ਹੁੰਦੇ ।

ਪੀੜ ਪਰਾਈ ਨੂੰ ਜੋ ਲੋਕੀ ਆਪਣੀ ਹਿੱਕ ਤੇ ਜਰਦੇ,

ਉਹ ਹੀ ਲੋਕੀ 'ਅਰਸ਼ਦ' ਦੁੱਖਾਂ ਦਰਦਾਂ ਵਾਲੇ ਹੁੰਦੇ ।

📝 ਸੋਧ ਲਈ ਭੇਜੋ