ਜੇਕਰ ਤੈਨੂੰ ਦੋਸ਼ ਮੇਰੇ ਸਿਰ

ਜੇਕਰ ਤੈਨੂੰ ਦੋਸ਼ ਮੇਰੇ ਸਿਰ ਮੜ੍ਹਨਾ ਆਉਂਦਾ ਹੈ ।

ਮੈਨੂੰ ਮੇਰਾ ਸੱਚ ਹਵਾ ਵਿਚ ਜੜਨਾ ਆਉਂਦਾ ਹੈ ।

ਮੈਂ ਨਿਰਪੱਖਤਾ ਵਾਲੀ ਸ਼ੋਸ਼ੇਬਾਜ਼ੀ ਨਹੀਂ ਕਰਦਾ, 

ਮੈਨੂੰ ਆਪਣੀ ਧਿਰ ਨਾਲ ਜਾ ਕੇ ਖੜ੍ਹਨਾ ਆਉਂਦਾ ਹੈ ।

ਜਿਹੜੀ ਤੇਰੀ ਨੀਅਤ ਵਿਚ ਇਬਾਰਤ ਉਕਰੀ ਏ, 

ਮੈਨੂੰ ਉਹਦਾ ਅੱਖਰ ਅੱਖਰ ਪੜ੍ਹਨਾ ਆਉਂਦਾ ਹੈ ।

ਤੂੰ ਤਾਂ ਸ਼ਬਦਾਂ ਨੂੰ ਬੱਸ ਸ਼ਬਦਾਂ ਤੀਕਰ ਹੀ ਜਾਣੇ,

ਮੈਂ ਜਾਣੂ ਹਾਂ, ਸ਼ਬਦ ਨੂੰ ਖੰਡਾ ਫੜਨਾ ਆਉਂਦਾ ਹੈ ।

ਮਿਹਨਤਕਸ਼ ਨੂੰ ਆਪਣੇ ਹੱਥੀਂ ਆਪਣੀ ਕਿਸਮਤ ਨੂੰ,

ਖੂਨ ਪਸੀਨੇ ਦੇ ਸੰਦਾਂ ਨਾਲ , ਘੜਨਾ ਆਉਂਦਾ ਹੈ ।

ਆਪਣੀ ਮਿੱਟੀ ਦੇ ਨਾਲ ਜੁੜਿਆਂ ਹੋਇਆਂ ਬਿਰਖਾਂ ਨੂੰ,

ਝੱਖੜ, ਤੇਜ਼ ਹਨੇਰੀ ਸਾਹਵੇਂ ਅੜਨਾ ਆਉਂਦਾ ਹੈ ।

ਕੌਣ 'ਅਮਨ' ਪਰਿਭਾਸ਼ਾ ਇਸ਼ਕ ਦੀ ਏਦਾਂ ਦੇ ਸਕਦੈ,

ਜਿੱਦਾਂ ਲਾਟ ਤੇ ਪਰਵਾਨੇ ਨੂੰ ਸੜਨਾ ਆਉਂਦਾ ਹੈ ।

📝 ਸੋਧ ਲਈ ਭੇਜੋ