ਜੇਕਰ ਟਿਕ ਕੇ ਸਾਲ ਬਗ਼ਾਵਤ ਕਰਦੇ
ਦਿਨ ਸਾਲਾਂ ਦੇ ਨਾਲ਼ ਬਗ਼ਾਵਤ ਕਰਦੇ
ਕਿਉਂ ਜੀ ! ਤਦ ਬਦਲੋਗੇ ਜਦ ਵੇਖੋਗੇ
ਹਰ ਥਾਂ ਜੰਮਦੇ ਬਾਲ ਬਗ਼ਾਵਤ ਕਰਦੇ
ਜਿਸ ਪੰਛੀ ਨੇ ਚੁੰਝ ਨਾ ਵੇਚੀ ਹੋਵੇ
ਉਹਦੇ ਲਈ ਨੇ ਜਾਲ ਬਗ਼ਾਵਤ ਕਰਦੇ
ਰੰਗ ਉੱਡਣੇ ਸੀ ਜੇਕਰ ਇੱਕੋ ਦਿਨ ਈ
ਨੀਲੇ ਪੀਲੇ ਲਾਲ ਬਗ਼ਾਵਤ ਕਰਦੇ
ਸੱਜਣ ਜੇਕਰ ਸੱਚਮੁੱਚ ਸੱਜਣ ਹੁੰਦੇ
ਸੁਣਕੇ ਮੇਰਾ ਹਾਲ ਬਗ਼ਾਵਤ ਕਰਦੇ
ਕੱਲ ਦੀ ਅੱਖ ਬਾਗ਼ੀ ਏ ਤੱਕ ਬੈਠੀ ਏ
ਕੱਲ ਇੱਕ ਮੁੱਖ ਤੇ ਵਾਲ਼ ਬਗ਼ਾਵਤ ਕਰਦੇ
ਉਸ ਸਮੁੰਦਰੋਂ ਕੱਢਣਾ ਈਂ ਜੇ ਜਗ ਨੂੰ
ਮਾਰ ਕੇ ਪੂਰੀ ਛਾਲ਼ ਬਗ਼ਾਵਤ ਕਰਦੇ
ਜਾਤਾਂ-ਪਾਤਾਂ, ਰਸਮ-ਰਿਵਾਜਾਂ ਉੱਤੇ
ਪੈਣੀ ਫੇਰ ਧਮਾਲ ਬਗ਼ਾਵਤ ਕਰਦੇ
ਬੱਝ ਜਾਣੇ ਕਈ ਪਿੰਡ ਪੱਥਰਾਂ ਦੇ ‘ਸੰਧੂ’
ਹੁਣ ਵੀ ਜੇ ਨਈਂ ਲਾਲ ਬਗ਼ਾਵਤ ਕਰਦੇ