ਝਗੜੇ ਜਦੋਂ ਮੈਂ ਘਰ ਦੇ ਬਾਹਰ ਤੇ ਟਾਲਦਾ ਹਾਂ
ਓਦੋਂ ਮੈਂ ਆਪ ਅਪਨੀ ਪਗੜੀ ਉਛਾਲਦਾ ਹਾਂ
ਮੇਰੇ ਖ਼ਿਆਲ ਹੀ ਤਾਂ ਪੂੰਜੀ ਨੇ ਕੋਲ ਮੇਰੇ
ਮਜ਼ਹਬਾਂ ਦੇ ਚੋਰ ਤੋਂ ਮੈਂ ਪੂੰਜੀ ਸੰਭਾਲਦਾ ਹਾਂ
ਬਾਬੇ ਦੇ ਬੋਲ ਸੁੱਚੇ ਬੱਚਿਆਂ ਤੋਂ ਗੁੰਮ ਗਏ ਨੇ
ਲੱਭਣ ਲਈ ਮੈਂ ਸਭ ਦੇ ਹਿਰਦੇ ਹੰਗਾਲਦਾ ਹਾਂ
ਇਹ ਲੋਕ ਹਰ ਬਸ਼ਰ 'ਚੋਂ ਅੱਲਾ ਦਾ ਨੂਰ ਲੱਭਣ
ਇਕ ਮੈਂ ਜੋ ਹਰ ਖ਼ੁਦਾ 'ਚੋਂ ਬੰਦੇ ਨੂੰ ਭਾਲਦਾ ਹਾਂ
ਮੇਰੀ ਅਮਨ ਪਸੰਦੀ ਇਹ ਗੁਲ ਖਿਲਾ ਰਹੀ ਏ
ਉਹ ਰੋਜ਼ ਗਰਜਦੇ ਨੇ ਮੈਂ ਰੋਜ਼ ਟਾਲਦਾ ਹਾਂ
ਦੀਵੇ ਜਗਣ ਨੂੰ ਮੇਰੇ ਵਿਹੜੇ 'ਚ ਆਣ ਬਹਿੰਦੇ
ਮੈਂ ਨ੍ਹੇਰਿਆਂ 'ਚ ਕੋਈ ਜਾਂ ਤੀਲ ਬਾਲਦਾ ਹਾਂ
ਹੋਇਆ ਕਦੀ ਨ ਹੋਣਾ ਉਸ ’ਤੇ ਅਸਰ ਦੁਆ ਦਾ
ਕੋਮਲ ਅਜੀਬ ਹਾਂ ਮੈਂ ਪੱਥਰ ਨੂੰ ਗਾਲਦਾ ਹਾਂ