ਝੱਖੜ ਝੁੱਲਣ ਖੜਕਣ ਰਾਤਾਂ
ਵੱਢ ਵੱਢ ਖਾਵਣ ਝਟਕਣ ਰਾਤਾਂ।
ਦਿਲ ਦਾ ਰੋਗ ਅਵੱਲਾ ਲੱਗਾ
ਰੱਤ ਚੂਸਣ ਜਿੰਦ ਪਟਕਣ ਰਾਤਾਂ।
ਪੁਰਵਾਈ ਨਾ ਸੁਖ ਸੰਦੇਸ਼ੇ
ਕਿਸ ਢੰਗ ਬੀਤਣ ਰੜਕਣ ਰਾਤਾਂ।
ਨੈਣ ਮਿਲਾ ਉਸ ਜਦ ਦਾ ਤੱਕਿਆ
ਦਿਲ ਨਾ ਧੜਕੇ ਧੜਕਣ ਰਾਤਾਂ।
ਸੱਖਣੇ ਬੂਟੇ ਪੀਲੇ ਪੱਤੇ
ਢਹਿੰਦੇ ਖੜਖੜ ਖੜਕਣ ਰਾਤਾਂ।
ਦਿਲ ਮਰਜਾਣਾ ਬੇਪਰ ਪੰਛੀ
ਫੜਫੜ ਫੜਕੇ ਫੜਕਣ ਰਾਤਾਂ।
ਚਿਹਰੇ ਦੀ ਲਿਟ ਰਿਣ ਉਮਰਾਂ ਦਾ
ਤਲਵਾਰਾਂ ਬਣ ਲਟਕਣ ਰਾਤਾਂ।
ਦੂਰ ਉਡਾਰੀ ਸੀ ਅੰਬਰਾਂ ਤੱਕ
ਸੱਪਾਂ ਵਾਂਗਣ ਸੁਰਕਣ ਰਾਤਾਂ।
ਕਾਲ਼ੀ ਬੋਲ਼ੀ ਘੁੱਪ ਹਨੇਰੀ
ਰਾਤੇ! ਦਿਲ ਨੂੰ ਰੜਕਣ ਰਾਤਾਂ।
ਸਿੱਕ ‘ਉੱਪਲ’ ਜੇ ਸੂਫ਼ੀ ਹੋਵੇ
ਰੱਤੀ ਭਰ ਨਾ ਅੜਕਣ ਰਾਤਾਂ।