ਝੱਖੜਾਂ ਅੱਗੇ ਹਰਦਮ ਅੜਿਆ

ਝੱਖੜਾਂ ਅੱਗੇ ਹਰਦਮ ਅੜਿਆ ਰਹਿਣਾ ਹੈ

ਮਜ਼ਲੂਮਾਂ ਦੀ ਢਾਲ ਹਾਂ ਖੜਿਆ ਰਹਿਣਾ ਹੈ।

ਭਾਫ਼ ਤਰ੍ਹਾਂ ਉਡ ਜਾਵਾਂ ਮੈਂ ਕੋਈ ਪਾਣੀ ਨੲ੍ਹੀਂ

ਮੈਂ ਸਹਿਜੇ ਪੱਕਣਾ ਚੁੱਲ੍ਹੇ ਚੜ੍ਹਿਆ ਰਹਿਣਾ ਹੈ।

ਹੈ ਮਿੱਟੀ ਦੇ ਵਿੱਚ ਵਾਸਾ ਕਿਰਤੀ ਬੰਦੇ ਦਾ

ਮੈਂ ਹੀਰਾ ਨੲ੍ਹੀਂ ਜਿਸ ਤਾਜੀਂ ਜੜਿਆ ਰਹਿਣਾ ਹੈ।

ਮੈਂ ਲੋਹਾ ਲੈਣਾ ਵਿੱਚ ਮੈਦਾਨੇ ਜ਼ਾਲਮ ਨਾਲ

ਮੈਂ ਮੋਤੀ ਨੲ੍ਹੀਂ ਜੇ ਸਿੱਪੀਂ ਵੜਿਆ ਰਹਿਣਾ ਹੈ।

ਕਾਣੀ ਵੰਡ ਦਾ ’ਨੇਰਾ ਹੈ ਚਾਰ ਚੁਫੇਰੇ ਹੈ

ਮੈਂ ਜੁਗਨੂੰ ਵਾਂਗਰ ਜਗਣਾ ਤੜਿਆ ਰਹਿਣਾ ਹੈ।

ਖਾ ਗਈ ਹੈ ਨੇਤਾ ਭਗਤੀ ਲੋਕਤੰਤਰ ਨੂੰ

ਪੰਖੇਰੂ ਪਿੰਜਰੇ ਵਿਚ ਜਕੜਿਆ ਰਹਿਣਾ ਹੈ।

ਖ਼ੁਦ ਆਪਣੀ ਮੌਤ ਸਹੇੜੇ ਕੀੜਾ ਰੇਸ਼ਮ ਦਾ

ਬਾਜਾਂ ਤਾਂ ਖੁੱਲ੍ਹੇ ਅੰਬਰੀਂ ਚੜ੍ਹਿਆ ਰਹਿਣਾ ਹੈ।

ਅਵਿੱਦਿਆ ਤੇ ਭੁੱਖਮਾਰੀ ਫੈਲੀ ਹਰ ਪਾਸੇ

ਤੂੰ ਬਗਲੇ! ਕਦ ਤਕ ਛਪੜੀਂ ਵੜਿਆ ਰਹਿਣਾ ਹੈ।

ਹੱਥ ਫੜ ਇਨਸਾਫ ਦੀ ਤਕੜੀ ਡੰਡੀ ਮਾਰੇਂ ਤੂੰ

ਰਿਣ ਗੁਰਬਤ ਦਾ ਤੇਰੇ ਸਿਰ ਮੜ੍ਹਿਆ ਰਹਿਣਾ ਹੈ।

ਮਰਨੇ ਤੋਂ ਬਾਦ ਵੀ ਜੀਣੇ ਦਾ ਕੁੱਝ ਹੀਲਾ ਕਰ

ਤਾਂ ਨਾਮ ਤੇਰਾ ਪੱਥਰਾਂ ਤੇ ਘੜਿਆ ਰਹਿਣਾ ਹੈ।

ਅੱਖ ਨਮ ਹੈ ਅੱਜ ‘ਉੱਪਲ’ ਦੀ ਹਾਲਤ ਵੇਖ ਤੇਰੀ

ਤੂੰ ਪੜ੍ਹ ਲਿਖ ਕੇ ਕਦ ਤਕ ਅਣਪੜ੍ਹਿਆ ਰਹਿਣਾ ਹੈ।

📝 ਸੋਧ ਲਈ ਭੇਜੋ