ਝੱਲਾ ਰੇਤ 'ਚ ਰਾਹਵਾਂ ਲੱਭਦਾ ਫਿਰਦਾ ਸੀ ।
ਸੂਰਜ ਤੋਂ ਪਰਛਾਵਾਂ ਲੱਭਦਾ ਫਿਰਦਾ ਸੀ ।
ਖ਼ਬਰੇ ਸਾਰੀ ਦੁਨੀਆਂ ਲੂਹਣੀ ਚਾਹੁੰਦਾ ਸੀ,
ਲਾਂਬੂ ਤੇਜ ਹਵਾਵਾਂ ਲੱਭਦਾ ਫਿਰਦਾ ਸੀ ।
ਨੇਰ੍ਹੀ ਰਾਤ ਦਾ ਪਾਂਧੀ ਮੰਜ਼ਿਲ ਪੁੱਜਣ ਲਈ,
ਤਾਰਾ ਟਾਵਾਂ-ਟਾਵਾਂ ਲੱਭਦਾ ਫਿਰਦਾ ਸੀ ।
ਸੁਣਿਐ ਉਹਦੇ ਸਾਹ ਵੀ ਪੱਥਰ ਹੋ ਗਏ ਨੇ,
ਜਿਹੜਾ ਚੰਨ ਤੇ ਥਾਵਾਂ ਲੱਭਦਾ ਫਿਰਦਾ ਸੀ ।
ਧੁੱਪਾਂ ਨਾਵੇਂ ਲਾ ਕੇ ਨਾਜ਼ੁਕ ਜੀਵਨ ਨੂੰ,
ਲੋਕਾਂ ਦੇ ਲਈ ਛਾਵਾਂ ਲੱਭਦਾ ਫਿਰਦਾ ਸੀ ।
ਜੀਹਦੇ ਕੋਲੋਂ ਰੋਗ ਮਿਲੇ ਸਨ ਉਮਰਾਂ ਦੇ,
ਉਸੇ ਕੋਲ ਦਵਾਵਾਂ ਲੱਭਦਾ ਫਿਰਦਾ ਸੀ ।