ਝੱਲੇ ਆਂ ਪਰ ਕੱਲੇ ਤੇ ਨਹੀਂ

ਝੱਲੇ ਆਂ ਪਰ ਕੱਲੇ ਤੇ ਨਹੀਂ ਸਾਡੇ ਨਾਲ ਵਰੋਲੇ ਨੇ ।

ਅਸਾਂ ਅਜੇਹੇ ਲੱਖਾਂ ਰੇਤੜ ਪੈਰਾਂ ਹੇਠ ਮਧੋਲੇ ਨੇ ।

ਸਾਡੇ ਝੱਲ ਨੇ ਨਵੀਆਂ-ਨਵੀਆਂ ਰਾਹਵਾਂ ਲੱਭਦੇ ਰਹਿਣਾ ਏ,

ਚੰਨ ਤੇ ਅਸਾਂ ਕੁਮੰਦਾਂ ਸੁੱਟੀਆਂ, ਜ਼ੱਰਿਆਂ ਦੇ ਦਿਲ ਟੋਲੇ ਨੇ ।

ਜਾਂ ਏਥੇ ਲੋਕਾਂ ਦੇ ਦੁਖੜੇ ਸੁਨਣ-ਸੁਨਾਣ ਦੀ ਰੀਤ ਨਹੀਂ,

ਜਾਂ ਤੇਰੀ ਬਸਤੀ ਦੇ ਸਾਰੇ ਵਾਸੀ ਗੂੰਗੇ-ਬੋਲੇ ਨੇ ।

ਇਨ੍ਹਾਂ ਤੇਰੇ ਪਿੱਛੋਂ ਤੇਰੀਆਂ ਗੱਲਾਂ ਕਰ-ਕਰ ਹੱਸਨਾ ਏ,

ਤੂੰ ਕਿਨ੍ਹਾਂ ਬੇਦਰਦਾਂ ਅੱਗੇ ਗ਼ਮ ਦੇ ਦਫ਼ਤਰ ਖੋਲ੍ਹੇ ਨੇ ।

ਜ਼ਾਹਿਰ ਬਾਤਿਨ ਦੇ ਫ਼ਰਕਾਂ ਦੀ ਕੀ-ਕੀ ਸੂਰਤ ਦੱਸਾਂ ਮੈਂ,

ਦਿਲ ਵਿਚ ਗ਼ਮ ਪਾਂਦਾ ਏ ਭੰਗੜੇ, ਬੁੱਲਾਂ ਉੱਤੇ ਢੋਲੇ ਨੇ ।

ਰੂਪ ਅਸਾਡੀ ਧਰਤੀ ਦਾ ਕਿਉਂ ਸ਼ਰਮਾਵੇ ਚੰਨ ਤਾਰਿਆਂ ਤੋਂ

ਅਸਾਂ ਇਹਦੀ ਹਰ ਵਾਟ ਦੇ ਉੱਤੇ ਰੱਤਾਂ ਦੇ ਰੰਗ ਡੋਲ੍ਹੇ ਨੇ ।

ਪਤਾ ਇਨ੍ਹਾਂ ਦੇ ਵਸਫ਼ਾਂ ਦਾ ਬਸ ਵਾਹ ਪਿਆ ਈ ਲੱਗਦਾ ਏ,

ਵੇਖਣ ਦੇ ਵਿਚ 'ਤਾਇਬ' ਹੋਰੀਂ ਲਗਦੇ ਡਾਢੇ ਭੋਲੇ ਨੇ ।

📝 ਸੋਧ ਲਈ ਭੇਜੋ