ਝੱਲਿਆ! ਜੀ ਨੂੰ ਜੀ ਹੁੰਦੀ ਏ

ਝੱਲਿਆ! ਜੀ ਨੂੰ ਜੀ ਹੁੰਦੀ ਏ

ਹੋਰ ਮੁਹੱਬਤ ਕੀ ਹੁੰਦੀ ਏ

ਤੇਰਾ ਮੁਖੜਾ ਵੇਖ ਕੇ ਸੋਚਾਂ 

ਐਸੀ ਸੂਰਤ ਵੀ ਹੁੰਦੀ ਏ!

ਆਸ਼ਿਕ ਨਾ ਸਾਹ ਦੇਂਦੇ ਡਰਦੇ

ਨਾ ਬੁਲ੍ਹਾਂ ਤੇ ਸੀ ਹੁੰਦੀ ਏ

ਹਰ ਇਕ ਦਿਲ ਦੀ ਪ੍ਰੇਮ ਕਹਾਣੀ

ਸਮਝੋ ਸੱਚੀ ਹੀ ਹੁੰਦੀ ਏ

ਪਹਿਲੇ ਤੋੜ ਦੀ ਬੋਤਲ ਵਰਗੀ

ਪੂਰੀ ਕਿੱਥੇ ਪੀ ਹੁੰਦੀ ਏ

ਪਿਓ ਦਾ ਲੱਕ ਜੋ ਦੋਹਰਾ ਕਰਦੀ

ਉਹ ਮਾੜੇ ਦੀ ਧੀ ਹੁੰਦੀ ਏ

ਯਾਰ 'ਸਫ਼ੀ' ਹੁਣ ਮੈਂ ਕੀ ਦੱਸਾਂ

ਆਖ਼ਿਰ ਉਲਫ਼ਤ ਕੀ ਹੁੰਦੀ ਏ

📝 ਸੋਧ ਲਈ ਭੇਜੋ