ਵੀਰਾ ਰਾਹੀਆ

ਜੇ ਚਲਿਐਂ ਤੂੰ ਦੇਸ ਬੰਗਾਲੇ

ਇਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ

ਵਰ੍ਹਿਆਂ ਤੋਂ ਅਣਵਰਤੇ ਪਾਣੀ ਇਸ਼ਕ ਝਨਾਂ ਦੇ 

ਲੋਕਾਂ ਭਾਣੇ ਬੁਸ ਚੱਲੇ ਨੇ

ਇਸ ਦਰਿਆ ਦੇ ਕੰਢੇ ਉਤੇ ਵਸਦੇ ਬੰਦੇ 

ਅਪਣੇ ਆਪ ਤੋਂ ਰੁਸ ਚੱਲੇ ਨੇ

ਮੈਂ ਸੁਣਿਆ ਹੈ ਦੇਸ ਬੰਗਾਲੇ 

ਥਾਣੀ ਸਾਡੇ ਲੋਕੀਂ ਲੰਘੇ 

ਹੱਥਿਓਂ ਟੁੱਟੇ ਟੋਕੇ ਵਾਂਗੂੰ 

ਗਏ ਕੁਤਰਦੇ ਓਥੋਂ ਦੇ ਲੋਕਾਂ ਨੂੰ 

ਪੱਠਿਆਂ ਦੱਥਿਆਂ ਵਾਂਗੂੰ

ਰਾਹਾਂ ਉਪਰ ਲੇਥੂੰ ਪੇਥੂੰ ਮਿੱਝ ਮਾਸ ਦੀ ਤੱਤੀ ਘਾਣੀ 

ਸੜਕਾਂ ਉਪਰ ਨੰਗੀ ਪਈ ਨਮੋਸ਼ੀ ਸਾਡੀ,

ਵੀਰਾ ਰਾਹੀਆ

ਉਹਨੀਂ ਰਾਹੀਂ ਡੁੱਲ੍ਹਣ ਦੇਵੀਂ ਇਸ ਦਰਿਆ ਨੂੰ 

ਵਰ੍ਹਿਆਂ ਤੋਂ ਅਣਵਰਤੇ ਪਾਣੀ

ਲੱਗਣ ਦੇਵੀਂ ਅਪਣੀ ਆਹਰੇ

ਆਪੇ ਲੋਕ ਪਛਾਣ ਲੈਣਗੇ

ਇਸ਼ਕ ਕਦੇ ਨਾ ਜਾਣ ਜੰਗਾਲੇ

ਅਜੇ ਝਨਾਂ ਦੇ ਕੰਢੇ ਵੱਸਣ ਬੰਦੇ ਮਿਹਰ ਮੁਹੱਬਤ ਵਾਲੇ

ਵੀਰਾ ਰਾਹੀਆ

ਜੇ ਚਲਿਐਂ ਤੂੰ ਦੇਸ ਬੰਗਾਲੇ

ਇਕ ਦੋ ਲੜੇ ਝਨਾ ਸਾਡੇ ਦੇ ਲੈਂਦਾ ਜਾਈਂ 

ਸਾਨੂੰ ਆਪਣੇ ਪਾਣੀ ਉਤੇ ਬੜੀ ਆਸ ਹੈ

📝 ਸੋਧ ਲਈ ਭੇਜੋ