ਝਨਾਂ ਦੇ ਖੁਲ੍ਹੇ ਦੀਦਾਰ

ਇਕੱਲਾਂ ਖ਼ਤਮ...

ਮੈਂ ਝਨਾਂ ਦੇ ਵਹਿਣ 'ਤੇ ਵੇਖੀ 

ਨੈਣਾਂ ਦੀ ਗੁਲਕਾਰੀ। 

ਖੋਹ ਰਿਹਾ ਰੁੱਤਾਂ ਦਾ ਪੈਂਡਾ, 

ਰੰਗ ਕਸੁੰਭੜਾ ਭਾਰੀ।

ਪੀਲੇ ਪੱਤ ਜਿਉਂ ਘੁੰਮ ਘੁੰਮ ਡਿਗਦੇ, 

ਧਮ ਧਮ ਕਰਦੇ ਬੁੱਲੇ । 

ਬਾਲ-ਉਮਰ ਨੂੰ ਕੀ ਸਮਝਾਵਾਂ, 

ਕਿਉਂ ਇਹ ਝੁੰਮਰ ਹੁੱਲੇ !

ਅੱਥਰੇ ਵਹਿਣ 'ਚ ਰੁਲ ਜਾਵੇਗੀ, 

ਇਹ ਸੱਜਣਾਂ ਦੀ ਢਾਣੀ। 

ਘੜਿਆਂ ਦੇ ਵਿਚ ਰੁੱਤਾਂ ਭਰਿਆ, 

ਹੱਸ ਕਸੁੰਭੜਾ ਪਾਣੀ।

ਕੌਣ ਤੁਰੇਗਾ ਇਸ ਪਾਸੇ ਨੂੰ, 

ਅਣਦਿੱਸ ਬੂਹਾ ਖੁੱਲ੍ਹੇ !

ਏਸ ਵਹਿਣ 'ਤੇ ਨਾਚ ਕਰੇ ਜੋ, 

ਆਖ਼ਿਰ ਇਕ ਦਿਨ ਰੁੱਲੇ।

ਲੱਖਾਂ ਰੋਣ ਜਲਾਂ ਵਿਚ ਰੂਹਾਂ,

ਡੁਬਦੀਆਂ ਪਾਉਣ ਕੁਕਾਰਾ।

ਵਹਿਣ ਰਾਂਗਲੇ ਹੇਠ ਮੈਂ ਵੇਖਾਂ, 

ਹੱਥ ਪੀਰ ਦਾ ਪਿਆਰਾ।

ਰੰਗ ਰੁੱਤਾਂ ਦੇ ਹੰਭ ਹੰਭ ਜਾਵਣ, 

ਚੜ੍ਹਣ ਵਹਿਣ ਹਮੇਸ਼ਾਂ। 

ਮੰਗਣ ਵਸਲ ਮਾਹੀ ਦਾ ਧਰ ਤੋਂ, 

ਪੀਵਣ ਥੀਣ ਵਰੇਸਾਂ।

ਪਾਵਨ ਚੁੱਪ ਧਰਤ ਦੀ ਸਾਰੀ, 

ਵਹਿਣ ਝਨਾਂ ਹੋ ਜਾਵੇ;

ਘੁੰਡ ਕਸੁੰਭੜੇ ਦਾ ਚੁੱਕ ਪਿਆਸਾ, 

ਰਾਂਝਣ ਯਾਰ ਬੁਲਾਵੇ।

ਝੰਗ ਦਾ ਬੋਲਾ ਭੇਸ ਵਟਾ ਕੇ, 

ਵਾਂਗ ਜੋਗੀਆਂ ਰਮਦਾ। 

ਰਾਤ ਦੇ ਆਂਗਣ ਕੁਲ ਧਰਤੀ ਦਾ, 

ਤਪ ਤਪ ਬ੍ਰਿਹੂੰ ਥੰਮ੍ਹਦਾ।

ਝੰਗ ਦਾ ਬੇਲਾ ਅਲਖ ਜਗਾਉਂਦਾ, 

ਖੜਾ ਖੜਾ ਦਰ ਝੋਕਾਂ।

ਪੀ ਗਏ ਸਾਹ ਨਾਗ ਜਦ ਧਰ ਦੇ, 

ਕੌਣ ਲਗਾਵੇ ਚੋਕਾਂ ?

ਕਦੇ ਝਨਾਂ 'ਤੇ ਵੰਝਲੀ ਵੱਜੇ, 

ਕਦੇ ਤਾਂ ਤਖ਼ਤ ਹਜ਼ਾਰੇ। 

ਮੰਗੂ ਚਾਕ ਖੜ੍ਹੇ ਹੈਰਾਨੇ, 

ਮੀਂਹ ਪਵੇ ਕਿਸ ਬਾਰੇ ?

ਸੁਣਿਆ ਹੀਰ : ਰਾਂਝਣ ਵਿਚ ਬੇੜੀ

ਵਣ ਵਣ ਤੰਦਾਂ ਪਾਵੇ।

ਫ਼ਜਰੀਂ ਸੰਞੀਂ ਸਿਖਰ ਦੁਪਹਿਰੀਂ,

ਰਾਤੀਂ ਸੇਜ ਬਣਾਵੇ।

ਹੀਰ ਦੇ ਸੁਪਨੋਂ ਝਿਲਮਿਲ ਝਿਲਮਿਲ,

ਲੰਘਣ ਰਾਤ ਦੇ ਪਾਣੀ।

ਸੋਹਣੇ ਲੌਂਗ ’ਤੇ ਲਿਸ਼ਕ ਤਾਨ ਕੁਈ,

ਉਮਰਾਂ ਵਾਂਗ ਵਿਹਾਣੀ।

ਬੁੱਤ ਹੀਰ ਦਾ ਰੁੱਤ ਸਾਵਨ ਵਿਚ, 

ਛਿਪ ਛਿਪ ਦਿਵੇ ਸਾਰਾਂ। 

ਸਦ ਵੰਝਲੀ ਜੁਗਨੂੰ ਕੁਈ, 

ਸਕਿਆ ਢੂੰਡ ਫੁਹਾਰਾਂ।

ਹੀਰ ਦੇ ਬੂਹੇ ਘੁੰਮ ਘੁੰਮ ਆਵਣ, 

ਸੁਬਕ ਝਨਾਂ ਦੀਆਂ ਭੂਰਾਂ।

ਕਹਿਕਸ਼ਾਂ ਦੇ ਖੂਹੇ ਵੱਲੇ,

ਚਾਏ ਘੜੇ ਜਿਉਂ ਹੂਰਾਂ।

ਬਾਰਾਂ ਮਾਸ ਅਖੀਂ ਵਿਚ ਹੰਝੂ, 

ਕੀ ਰੰਗਪੁਰ ਦਾ ਜੀਣਾ

ਮੱਛ ਕੱਛ ਨਾਗਾਂ ਦੇ ਰਾਹ 'ਤੇ, 

ਸੱਦ ਮਾਹੀ ਦੀ ਥੀਣਾ।

ਫਿਰ ਰਾਤੀਂ ਮੈਂ ਰੁੱਖਾਂ ਓਹਲੇ, 

ਖੜ੍ਹ ਖੜ੍ਹ ਤੱਕੀਆਂ ਬਾਰਾਂ।

ਰੋਇ ਝਨਾਂ ਦਾ ਪਾਟਾ ਦਾਮਨ, 

ਸੀਣ ਝਨਾਂ ਦੀਆਂ ਨਾਰਾਂ।

ਘੁੰਮ ਘੁੰਮ ਚੜ੍ਹਦੇ ਭਾਂਬੜ ਚਾਈ,

ਵਗ ਵਗ ਜਾਵਣ ਰੁੱਤਾਂ।

ਬਲਦੇ ਚਰਖ ਹੇਠ ਮੈਂ ਵੇਖਾਂ, 

ਸ਼ਗਨ ਮਨਾਵਣ ਰੁੱਤਾਂ।

ਜਿਸਦੇ ਜੋਬਨ ਜਲ ਬਲ ਜਾਣਾ, 

ਹੀਰ ਓਸ ਬਨੇਰੇ।

ਰੰਗ ਕਸੁੰਭੜਾ ਜਿਸ ਰਾਹ ਵਿਕਦਾ, 

ਉਸ ਤੋਂ ਖੜ੍ਹੀ ਅਗੇਰੇ।

ਜੇ ਨਾਂਹ ਵੰਗ ਅੰਬਰ ਦੀ ਟੁੱਟੇ, 

ਖ਼ਿਆਲ ਹੀਰ ਦਾ ਵੱਲਾਂ। 

ਸੰਜੋਗ-ਵਿਜੋਗ ਦੀਆਂ ਵਾਟਾਂ 'ਤੇ, 

ਮਾਰ ਰਿਹਾ ਵੱਡ ਛੱਲਾਂ।

ਸੰਜੋਗ-ਵਿਜੋਗ ਲੰਮੀਆਂ ਨਦੀਆਂ, 

ਹੀਰ ਦਾ ਖ਼ਿਆਲ ਪਰੋਈ। 

ਜਲ ਥਲ ਨੂੰ ਗਲ ਲਾ ਕੇ ਮਿਲੀਆਂ, 

ਵਾਂਗ ਮਿੱਠੀ ਖ਼ੁਸ਼ਬੋਈ।

ਚੰਨ ਚਾਨਣੀ ਦੇ ਵਿਚ ਉੱਡਣ, 

ਕੂੰਜ ਵਾਂਗ ਕੰਨਸੋਆਂ। 

ਖੁਰਦੇ ਰਾਤ ਦੇ ਪੱਤਣ ਬੈਠਾ, 

ਕੌਣ ਕਰੇ ਪਿਆ ਲੋਆਂ ?

ਬਿਜਲੀ ਸੁਬਕ ਸੁਪਨ ਤੋਂ ਸੋਹਣੀ, 

ਚਾਲ ਰਹੀ ਸ਼ਰਮਾਈ। 

ਖੇਡ ਰਿਹਾ ਮੰਗੂ ਦਾ ਸੁਪਨਾ, 

ਬਿਰਖ-ਨੀਂਦ ਗਲ ਲਾਈ।

ਜਦੋਂ ਝਨਾਂ ਦੀ ਕੰਧੀ ਕੁੱਸਣਾ, 

ਹੀਰ ਦਾ ਖ਼ਿਆਲ ਪਿਆਸਾ। 

ਤਕਦੀਰਾਂ ਦੇ ਭੇਦ-ਭਰੇ ਹੱਥ, 

ਧਰਤ ਫੜੇਗੀ ਕਾਸਾ।

ਧਰਤ ਦੀ ਵਾਟ ਹੀਰ ਦਾ ਜੋਬਨ, 

ਰਹੇ ਝਨਾਂ ਦੇ ਨੈਣਾਂ। 

ਰਹਿਣ ਈਮਾਨ ਹੁਸਨ ਦੇ ਵਸਦੇ, 

ਸੰਗ ਭਿੰਨੀਆਂ ਰੈਣਾਂ।

ਹੋਏ ਵੇਸ ਧਰਤ ਦੇ ਸੂਹੇ, 

ਰੰਗ ਰੰਗਾਂ ਨੂੰ ਕੱਜੇ । 

ਜਿਸ ਕਣ ਬਾਗ਼ ਦਾ ਸੁਪਨਾ, ਉਸ ਤੇ 

ਭਰੀ ਝਨਾਂ ਜਿਉਂ ਵੱਜੇ

ਸਾਰੀ ਧਰਤ ਦੀ ਜਾਨ 'ਤੇ ਲਿਪਟਣ,

ਕਿਸੇ ਬ੍ਰਿਛ ਦੀਆਂ ਛਾਵਾਂ,

ਜਾਗ ਗੀਤ ਦੇ ਅੰਗੀਂ ਸੁੱਤੀਆਂ,

ਟੋਲਣ ਜਿਹਨੂੰ ਹਵਾਵਾਂ।

ਸਦ ਅਬੋਲ ਚਾਅ ਨੂੰ ਲਿਆਈਆਂ,

ਬੇਲਿਆਂ ਦੇ ਵਿਚ ਕੂੰਜਾਂ।

ਕੁੱਝ ਹੀ ਭੇਦ ਧਰਤ ਦਾ ਪਾਵਣ, 

ਘਾਹ 'ਤੇ ਸੁੱਤੀਆਂ ਬੂੰਦਾਂ।

ਝੁੰਮਰ ਦੇ ਵਿਚ ਮੁੜ ਮੁੜ ਨੱਚੀਆਂ, 

ਕਵਣ ਬ੍ਰਿਛ ਦੀਆਂ ਰਾਹਵਾਂ

ਭੈਅ ਵਿਚ ਕੌਣ ਕਿਸੇ ਨੂੰ ਆਖੇ

“ਨ ਵਗ ਜਾਣ ਝਨਾਵਾਂ।”

ਹਰਾ ਬ੍ਰਿਛ ਕਿਸ ਜੂਹ ਵਿਚ ਮਉਲੇ

ਜਲ ਥਲੁ ਦੇਸੁ ਜਾਪੇ। 

ਫਿਰ ਕਿਉਂ ਬੁੱਲੀਆਂ ਮਿੱਠੀਆਂ ਹੋਵਣ, 

ਇਸ ਸੁੰਞੇ ਤਰਨਾਪੇ ?

ਹਰਾ ਬ੍ਰਿਛ ਹੀਰ ਦਾ ਸੁਪਨਾ, 

ਫਲਦਾ ਰਹੇ ਹਮੇਸ਼ਾਂ।

ਪੈਂਡਾ ਅੱਖੀਆਂ ਵਿਚ ਝਨਾਂ ਦਾ, 

ਸਾਂਭ ਲਿਆ ਦਰਵੇਸ਼ਾਂ।

📝 ਸੋਧ ਲਈ ਭੇਜੋ