ਆਣ ਧਰੇਕਾਂ ਹੁੱਲੀਆਂ
ਚੰਨ ਤੱਕਣ ਸਈਆਂ,
ਵਗਦੇ ਹੋਏ ਚਨਾਬ ਨੂੰ
ਕੁਝ ਆਖਣ ਪਈਆਂ।
ਪੈਂਦੀ ਪਈ ਧਮਾਲ ਹੈ
ਅੱਜ ਆਂਗਣ ਮੇਰੇ,
ਖ਼ਾਨਗਾਹਾਂ ਵੱਲ ਸੋਹਣੀਆਂ
ਕੁਝ ਵੇਖਣ ਗਈਆਂ।
ਸ਼ੁਤਰਾਂ ਉੱਤੇ ਲੱਦ ਗਈ
ਉਹ ਮਜਲਿਸ ਮੇਰੀ,
ਪੰਛੀ ਉੱਡਦਾ ਖੰਡਰਾਂ
'ਤੇ ਵੇਖਦੀ ਪਈਆਂ।
ਵੇਦ ਕੁਰਾਨ ਗ੍ਰੰਥ ਤੇ
ਦਰਵੇਸ਼ ਨੂੰ ਸ਼ਿਕਵਾ,
ਬੁੱਝਦਾ ਦੀਵਾ ਜਦੋਂ ਵੀ
ਮੈਂ ਰੋਂਵਦੀ ਰਹੀਆਂ।
ਬੂਰ ਅੰਬਾਂ ਦਾ ਕੂਕਿਆ
ਨ ਛੋਡ ਕੇ ਜਾਵੋ,
ਪੁਰਸਲਾਤ ਵੱਲ ਸੋਹਣੀਆਂ
ਬੰਨ੍ਹ ਢਾਣੀਆਂ ਗਈਆਂ।
ਕਿਸ ਦੇ ਨਾਲ ਮੈਂ ਖੇਡਣਾ
ਇਹ ਸਾਰ ਨ ਯਾਰਾ,
ਰੁਲੀਆਂ ਖ਼ਾਕ ਗ਼ਰੀਬ ਵਿਚ
ਚੁੱਕ ਗੀਟੀਆਂ ਲਈਆਂ।
ਰੰਗ ਮਜੀਠੀ ਦੂਰ ਹੈ !
ਤੇਰੇ ਸ਼ੁਤਰ ਨੂੰ ਹੋੜਣ,
ਰੰਗ ਕਸੁੰਭੇ ਵਾਲੜਾ
ਪਾ ਚੂੜਾ ਬਹੀਆਂ।
ਪੀਰ-ਪੈਗ਼ੰਬਰ ਚਲੇ ਗਏ
ਛੱਡ ਚਾਕ ਜਿਉਂ ਸਾਨੂੰ,
ਚਿੱਥ ਕੇ ਘਾਹ ਨੂੰ ਸੁਟਦੀਆਂ
ਛੱਡ ਮਹੀਆਂ।