ਕਿਸੇ ਪਾਤਣੀ ਨੂੰ ਸੱਦ ਦੇਂਦੇ,
ਘਣੀ ਰੈਣ ਦੇ ਪਾਣੀ।
ਛਾਣ ਰਹੇ ਅੰਬਰ ਕੁਲ ਧਰਤੀ :
“ਉਹ ਕਿਸ ਨੇਂ ਦੇ ਹਾਣੀ ?"
ਖਿੱਚੀ ਧੁਣਖ ਸਬਰ ਦੀ ਕਾਲਾਂ,
ਚਿੱਲੇ ਚੜ੍ਹੇ ਸਿਤਾਰੇ।
ਨਾਜ਼ਕ ਤ੍ਰਿਣਾਂ ਚੀਰ ਕੇ ਲੰਘੇ,
ਅੰਬਰ ਦੇ ਹਰਕਾਰੇ।
ਮੈਂਡੀ ਦਿਲੜੀ 'ਤੇ ਬਿੱਜਲਾਏ,
ਸੈਆਂ ਮੇਘ ਹੁਲਾਸੇ।
ਰਿਮ ਝਿਮ ਵੇਖ ਰਹੀ ਗਗਨਾਂ ਦੀ,
ਮੁੱਢ ਕਦੀਮੀ ਪਾਸੇ ।
ਮੇਰੇ ਦਿਲ 'ਚੋਂ 'ਵਾਜ ਸੁਣੀਂ ਕੁਈ,
ਨਾਜ਼ਕ ਸ਼ੀਰੀਂ ਨਾਦਾਂ।
ਮੇਰੇ ਕਦਮਾਂ ਹੇਠ ਵਿਛਾਈਆਂ,
ਕਾਫ਼ਲਿਆਂ ਦੀਆਂ ਯਾਦਾਂ।
ਮੈਨੂੰ ਵਾਟ ਸਿੰਧਾਂ ਦੀ ਦੱਸੀ
ਕਿਸੇ ਪਾਤਣੀ ਦੂਰੋਂ।
ਮੌਲੇ ਰੁੱਖ ਬੇਲਿਆਂ ਦੇ ਮੁੜ
ਮੈਂ ਹੰਝੂਆਂ ਦੇ ਨੂਰੋਂ।
ਆਹਟ ਮੇਰੇ ਕਦਮਾਂ ਦੀ ਜਾਂ ਫਿਰ,
ਭੇਦ ਧਰਤ ਦਾ ਕੋਈ।
ਪੱਥਰ ਹੋਈ ਗੁਫ਼ਾ 'ਚੋਂ ਉੱਠੀ,
ਵੰਝਲੀ ਦੀ ਅਰਜ਼ੋਈ।
ਕੋਈ ਕੋਈ ਬੋਲ ਧਰਤ 'ਚੋਂ ਸੁਣਦਾ,
ਗਹਿਲਾ ਦਿਲ ਘਬਰਾਵੇ।
ਚਮਕ ਵਿਰਾਟ ਨਭਾਂ ਦੀ ਵਿੱਚੋਂ,
ਹੰਸ ਪੁਰਾਣਾ ਗਾਵੇ।
ਮੰਝ ਦੂਰ ਤਾਰਿਆਂ ਵੰਨੀ
ਭਰੇ ਘਣੇ ਰੂਹ-ਮੇਲੇ।
ਆ ਕਿਚਰਕ ਕੰਨਸੋਆਂ ਦੇਸਨ
ਪੌਣਾਂ ਝੰਗ ਦੇ ਬੇਲੇ ।
ਡੁੱਬੇ ਸੂਰਜ ਵਾਂਗ ਅਨੇਕਾਂ
ਇਸ ਰੋਹੀ ਵਿਚ ਛਾਲੇ।
ਹੂਰਾਂ ਦੇ ਸੁਪਨੇ ਦੀ ਦੀ ਏਥੇ
ਅੱਗ ਪਿਆ ਕੁਈ ਬਾਲੇ।
ਮੈਂ ਬੇ-ਦੋਸ਼ ਫ਼ਕੀਰ ਪੁਰਾਣਾ
ਸੁੱਕੇ ਸਰਵਰ ਤੀਰਾਂ।
ਬੀਤੇ ਬਹੂੰ ਸਾਲ, ਵਿਚ ਝੰਗ ਦੇ
ਕਿਵੇਂ ਪਛਾਣਾਂ ਹੀਰਾਂ ?
ਇਕ ਕੂੰਬਲ ਹੁੱਲੀ ਤਾਂ ਮਾਰਨ
ਪੈੜਾਂ ਚੁੱਕ ਵਣਿ ਫੇਰੇ ।
ਕਿਤੋਂ ਝਨਾਂ ਦੀ ਰੁਣ ਝੁਣ ਠੰਢੀ
ਚੁੰਮ੍ਹਦੀ ਮਸਤਕ ਮੇਰੇ ।
ਮੈਂਡੇ ਕਾਸੇ ਵਿੱਚੋਂ ਉੱਡਣ
ਜੁਗਨੂੰ-ਭੇਸਿ ਦੁਆਵਾਂ।
ਧਾ ਧਾ ਰੋਹੀਆਂ ਸੀਨੇ ਲੱਗਣ
ਸਜਦੇ ਕਰਦੀਆਂ ਛਾਵਾਂ।
ਪਾਰ ਜੁਗਾਂ ਦੀ ਕਾਲੀ ਕੂਟੋਂ,
ਠੰਢੀ ਵੇਲ ਅੰਗੂਰੀ।
ਮੈਂਡੇ ਹੰਝੂਆਂ ਨਾਲ ਛੁਹਾਵਣ
ਹੱਥ ਮੂਸਾ ਦੇ ਨੂਰੀ।
ਜਿਵੇਂ ਜ਼ੁਲੈਖਾਂ ਦੇ ਸੁਪਨੇ ਦਾ
ਪਿਰਮ ਪਿਆਲਾ ਪੀ ਕੇ,
ਹਰੇ ਕਚੂਰ ਥੀਣ, ਮੁੜ ਜੀਵਣ
ਜਿਨ੍ਹਾਂ ਹਲਾਹਲ ਡੀਕੇ :
ਸੁੰਝੇ ਖੂਹ ਯੂਸਫ਼ ਦੇ ਜਦ ਸੀ
ਥਲ ਕੰਡਿਆਲੇ ਰੋਏ,
ਪਿਆਸੇ ਇਕ ਕਣੀ ਦੇ ਬਾਝੋਂ
ਸ਼ੀਂਹ ਬਰਿੰਡੇ ਮੋਏ।
ਡੂੰਘੇ ਵਹਿਣ ਝਨਾਂ ਦੇ ਭਾਰੀ
ਰੱਜ ਨੈਣਾਂ ਨੇ ਪੀਣੇ।
ਤਾਨ ਬੰਸਰੀ ਫੇਰ ਜਗਾਏ
ਕੰਨ ਖਿਜ਼ਰ ਦੇ ਰੀਣੇ।
ਕੋਈ 'ਵਾਜ ਸੁਣੀ, ਰੋ ਉੱਠੇ,
ਤ੍ਰਿਣ ਸੁੱਕੇ ਤੇ ਲੂਹੇ।
ਮੈਂਡੀ ਨਜ਼ਰ ਦੇ ਸਾਮ੍ਹੇ ਖੁੱਲ੍ਹੇ,
ਤਾਰਿਆਂ ਦੇ ਸੈ ਬੂਹੇ।