ਪਈ ਕੋਲ ਬੋਲਿਆਂ ਬੋਲੇ ਵੇ।

ਕੋਈ ਰਾਜ਼ ਝਨਾਂ ਦਾ ਡੋਲੇ ਵੇ।

ਇਸ ਭਰੇ ਝਨਾਂ ਨੇ ਵਗ ਜਾਣਾ 

ਕਿਉਂ ਉੱਡਦੇ ਨੈਣ ਮਮੋਲੇ ਵੇ ?

ਔਰ ਢੋਕਾਂ ਨੇ ਇਕ 'ਵਾਜ ਸੁਣੀ 

ਕਿਸ ਕੰਬਦੇ ਸੂਰਜ ਕੋਲੇ ਵੇ ?

“ਪਿਆ ਵਗਦਾ ਸਦਾ ਚਨਾਬ ਰਹੇ" 

ਕੋਈ ਪੰਖੀ ਕੰਢੜੇ ਬੋਲੇ ਵੇ

ਕਿਤੋਂ ਦੂਰ ਵਤਨ ਦੇ ਸ਼ਾਹਜ਼ਾਦੇ

ਕੋਈ ਸੌਦਾਗਰ ਟੋਲੇ ਵੇ

ਇਕ ਸ਼ੇਰ ਘਾਟ 'ਤੇ ਉਤਰ ਰਿਹਾ 

ਪੱਬ ਚੁੱਕਦਾ ਪੋਲੇ ਪੋਲੇ ਵੇ।

ਕੋਈ ਨਾਰ ਬੇਲਿਆਂ ਵੱਲ ਜਾਂਦੀ 

ਬਹੁੰ ਕਰੇ ਝਨਾਂ ਨੇ ਓਹਲੇ ਵੇ। 

ਕੋਈ ਦੂਰ ਗਏ ਵਣਜਾਰੇ ਲਈ 

ਹੰਝ ਵਗਦੇ ਜਲ ਵਿਚ ਘੋਲੇ ਵੇ। 

ਕੁੱਝ ਰਿਸ਼ਮਾਂ ਸ਼ਬਨਮ ਪੀ ਸੁੱਤੀ 

ਸਭ ਚਾਨਣ ਸੂਰਜ ਫੋਲੇ ਵੇ।

ਇਕ ਕਤਰਾ ਫ਼ਜਰ ਨੂੰ ਚਮਕੇਗਾ 

ਪਾ ਖ਼ੂਨੀ ਬਿੱਜਲੀਆਂ ਝੋਲੇ ਵੇ। 

ਔਹ ਸੂਰਜ ਛਿਪਦਾ ਵੇਖ ਰਿਹਾ 

ਕੋਈ ਤਾਜ ਝਨਾਂ ਦਾ ਰੋਲੇ ਵੇ।

📝 ਸੋਧ ਲਈ ਭੇਜੋ