ਵੀਰਾ ਰਾਹੀਆ
ਜੇ ਚਲਿਐਂ ਤੂੰ ਦੇਸ ਬੰਗਾਲੇ
ਇੱਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ
ਵਰ੍ਹਿਆਂ ਤੋਂ ਅਣ-ਵਰਤੇ ਪਾਣੀ ਇਸ਼ਕ ਝਨਾਂ ਦੇ
ਲੋਕਾਂ ਭਾਣੇ ਬੁੱਸ ਚੱਲੇ ਨੇ
ਇਸ ਦਰਿਆ ਦੇ ਕੰਢੇ ਉੱਤੇ ਵੱਸਦੇ ਬੰਦੇ
ਅਪਣੇ ਆਪ ਤੋਂ ਰੁੱਸ ਚੱਲੇ ਨੇ
ਮੈਂ ਸੁਣਿਆ ਹੈ ਦੇਸ ਬੰਗਾਲੇ
ਥਾਣੀਂ ਸਾਡੇ ਲੋਕੀਂ ਲੰਘੇ
ਹੱਥਿਓਂ ਟੁੱਟੇ ਟੋਕੇ ਵਾਂਗੂੰ
ਗਏ ਕੁਤਰਦੇ ਓਥੋਂ ਦੇ ਲੋਕਾਂ ਨੂੰ
ਪੱਠਿਆਂ ਦੱਥਿਆਂ ਵਾਂਗੂੰ
ਰਾਹਾਂ ਉਪਰ ਲੇਥੂੰ ਪੇਥੂੰ ਮਿੱਝ ਮਾਸ ਦੀ ਤੱਤੀ ਘਾਣੀ
ਸੜਕਾਂ ਉਪਰ ਨੰਗੀ ਪਈ ਨਮੋਸ਼ੀ ਸਾਡੀ
ਵੀਰਾ ਰਾਹੀਆ
ਉਹਨੀਂ ਰਾਹੀਂ ਡੁੱਲ੍ਹਣ ਦੇਵੀਂ ਇਸ ਦਰਿਆ ਨੂੰ
ਵਰ੍ਹਿਆਂ ਤੋਂ ਅਣ-ਵਰਤੇ ਪਾਣੀ
ਲੱਗਣ ਦੇਵੀਂ ਅਪਣੇ ਆਹਰੇ
ਆਪੇ ਲੋਕ ਪਛਾਣ ਲੈਣਗੇ
ਇਸ਼ਕ ਕਦੇ ਨਾ ਜਾਣ ਜੰਗਾਲੇ
ਅਜੇ ਝਨਾਂ ਦੇ ਕੰਢੇ ਵੱਸਣ ਬੰਦੇ ਮਿਹਰ ਮੁਹੱਬਤ ਵਾਲੇ
ਵੀਰਾ ਰਾਹੀਆ
ਜੇ ਚਲਿਐਂ ਤੂੰ ਦੇਸ ਬੰਗਾਲੇ
ਇੱਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਵੀਂ
ਸਾਨੂੰ ਅਪਣੇ ਪਾਣੀ ਉੱਤੇ ਬੜੀ ਆਸ ਹੈ