ਤਾਰਾ ਗਣ ਦੇ ਬੂਹੇ ਚੁੰਮ੍ਹਦੇ 

ਕਦਮ ਧਰਤ ਵੱਲ ਚਾਇਆ। 

ਧਰ ਦੀ ਜਾਨ ਫੜੀ ਵਿਚ ਮੁੱਠੀ 

ਮੈਂ ਝੰਗ ਬੇਲੇ ਆਇਆ।

ਔਝੜ ਰਾਹਾਂ 'ਤੇ ਸੁੱਤੀਆਂ ਨੇ 

ਮੂਕ ਵੰਝਲੀ-ਤਾਨਾਂ।

ਛੱਡ ਕੇ ਤੁਰ ਗਈਆਂ ਨੇ ਕਿੱਥੇ 

ਸੁੰਞੀ ਪੀਂਘ ਰਕਾਨਾਂ ?

ਮੈਂਡੈ ਖੰਭ ਗਗਨ 'ਤੇ ਤਪਦੇ 

ਸਫ਼ਰ ਸਮੇਂ ਦੇ ਚਾਈ, 

ਧਰਤੀ ਉੱਤੇ 'ਵਾਜ ਉਹਨਾਂ ਦੀ 

ਅਜੇ ਪਰਤ ਆਈ।

ਜਿੰਦ ਤੇ ਕੌਲ ਖੜੇ ਬਰਸਾਂ ਤੋਂ

ਭੁੱਲੀ ਧਰਤ ਨਿਮਾਣੀ।

ਪਰਬਤ ਖੁਸ਼ਕ ਗੁਫ਼ਾਵਾਂ ਸਾਮ੍ਹੇ, 

ਸੁੰਞੇ ਜੰਡ, ਪਾਣੀ।

ਮੇਰੇ ਸਾਹਾਂ ਵਿਚ ਪਾਰ ਤੋਂ 

ਤਦੋਂ ਅਗਨ ਕੋਈ ਲੱਗੀ। 

ਬੇਮੁਹਾਰ ਸ਼ੁਤਰ ਜਿਉਂ ਤਨ ਵਿਚ 

ਜਾਨ ਧਰਤ ਦੀ ਵੱਗੀ।

ਹੋ ਅਰਦਾਸ ਚੌਖੰਨੀ ਜਿੰਦੂ,

ਕਹਿਕਸ਼ਾਂ ਤੱਕ ਹੁੱਲੇ। 

ਸ਼ਬਨਮ ਤਕ ਕੌਲਾਂ ਦਾ ਪੈਂਡਾ, 

ਜ਼ੁਲਫ਼ਾਂ ਵਾਂਗੂੰ ਖੁੱਲ੍ਹੇ

ਝੰਗ ਦੇ ਬੇਲੇ ਰਾਤ ਸੁਹਾਣੀ, 

ਵਗਣ ਝਨਾਂ ਦੇ ਪਾਣੀ।

ਕੋਟ ਵਰ੍ਹੇ ਦੀ ਚੁੱਪ ਜਿੰਦ 'ਤੇ, 

ਮੇਘ ਵਾਂਗ ਛਾ ਜਾਣੀ।

ਧਰਤੀ ਨਾਲ ਹੌਲ ਕੁਈ ਚਿਰ ਦਾ, 

ਦੂਰ ਹੰਸ ਜਿਉਂ ਗਾਵੇ। 

ਗਗਨ ਨੂਰਾਨੀ ਪੱਤਣਾਂ ਉੱਤੇ, 

ਖੇਵਟ ਵਾਂਗ ਬੁਲਾਵੇ।

ਸ਼ਬਨਮ ਦੀਆਂ ਪਲਕਾਂ ਵਿਚ ਦੂਰੋਂ, 

ਬਿਜਲੀ ਕੋ ਲਿਸ਼ਕੇਂਦੀ।

ਜਿਵੇਂ ਚਰਖ ਦੇ ਭੌਜਲ ਭਾਰੀ, 

ਨਾਜ਼ਕ ਨਜ਼ਰ ਵਲੇਂਦੀ।

ਸਬਜ਼ ਕੋਂਪਲੀਂ ਖੰਭ ਫੈਲਾ ਕੇ, 

ਜਜ਼ਬੇ ਧਰਤ ਦੇ ਲੱਥੇ।

ਬੂੰਦ ਝਨਾਂ ਦੀ ਕਦੇ ਕਦੇ ਆ, 

ਚੁੰਮ੍ਹਦੀ ਥਲ ਜਹੇ ਮੱਥੇ।

ਝੰਗ ਬੇਲੇ ਜੋ ਕਦੇ ਝਨਾਂ ਸੰਗ 

ਰਾਤੀਂ ਦੁਖ ਸੁਖ ਫੋਲੇ।

ਸੈ ਬਰਸਾਂ ਦੀ ਘਣੀ ਨੀਂਦ 'ਚੋਂ, 

ਸੁਪਨ ਪਿਆ ਉਹ ਟੋਲੇ।

ਰਾਂਝਣ ਦੀ ਇਕ ਹਾ ਨੂੰ ਲੈ ਕੇ, 

ਜੁਗਨੂੰ ਦੂਰ ਸਿਧਾਇਆ।

ਖੋਲ੍ਹ ਗਗਨ ਦੇ ਨੂਰੀ ਬੂਹੇ 

ਸੁੰਞੀ ਸੱਥ ਨੂੰ ਆਇਆ।

ਕਦੇ ਤਾਂ ਰੁਣਝੁਣ ਅੱਖੀਆਂ ਦੇ ਵਿਚ, 

ਕਦੇ ਤੂਫ਼ਾਨ ਉਚੇਰੇ । 

ਡਾਢੇ ਹੜ ਨੂੰ ਮੋੜ ਲਵੋ ਕੁਈ, 

ਸਾਹ ਟੁੱਟ ਜਾਸਨ ਮੇਰੇ।

ਕੋਇਲ ਦੀ ਕੂਕ ਸੁਣੀ ਵਿਚ ਬੇਲੇ, 

ਮਾਵਾਂ ਕਿਤੇ ਉਡੀਕਣ। 

ਫੋਲ ਸੁੱਟੇ ਨਾਜ਼ਕ ਰੰਗ ਸਾਰੇ, 

ਲੁਕੇ ਪਤਾਲਾਂ ਤੀਕਣ।

ਕਦੇ ਤਾਂ ਤਾਨ ਸਜਨ ਦੀ ਸੁਣਦੀ, 

ਕਦੇ ਤਾਂ ਖੁਰਣ ਬਨੇਰੇ।

ਨੌਬਤ ਵਜਦੀ ਰੋਕ ਦਿਉ, ਨਹੀਂ 

ਬਾਗ਼ ਰੋਣਗੇ ਮੇਰੇ।

ਹੀਰ ਲਈ ਧਰਤੀ ਦਾ ਜਜ਼ਬਾ

ਕੌਣ ਬਲੀ ਅੱਜ ਮੋੜੇ ?

ਚੰਨ ਸੂਰਜਾਂ ਦੇ ਫੜ ਤੇਸੇ, 

ਬੁੱਤ ਧਰਤ ਦਾ ਤੋੜੇ।

📝 ਸੋਧ ਲਈ ਭੇਜੋ