ਝਟਕੇ ਦੇ ਨਾਲ ਕੋਮਲ ਮੁਖੜਾ

ਝਟਕੇ ਦੇ ਨਾਲ ਕੋਮਲ ਮੁਖੜਾ ਕਰਕੇ ਜ਼ੁਲਫ਼ਾਂ ਉਹਲੇ ।

ਮੇਰੇ ਸੁੰਦਰ ਜਜ਼ਬੇ ਉਹਨੇ ਨਖ਼ਰੇ ਹੇਠ ਮਧੋਲੇ ।

ਉਹੀ ਹੋਣੈ ਉਹਦੇ ਬਾਝੋਂ ਸਿੱਕ ਅਜਿਹਾ ਕੀਹਨੂੰ,

ਕਿਹੜਾ ਪੋਹ ਦੀ ਬਾਰਸ਼ ਦੇ ਵਿਚ ਵਿੜਕ ਤੇ ਬੂਹਾ ਖੋ੍ਹਲੇ ।

ਮੈਂ ਹੀ ਦੁੱਖ ਲੁਕਾ ਨਾ ਸਕਿਆ ਭਰਵਿਆਂ ਹਾਸਿਆਂ ਪਿੱਛੇ,

ਪਿੰਡਾਂ ਦੇ ਪਿੰਡ ਲੁਕ ਜਾਂਦੇ ਨੇ ਉਂਜ ਤੇ ਰੁੱਖਾਂ ਉਹਲੇ ।

ਦਿਲ ਹੱਥੋਂ ਮਜਬੂਰ ਉਹ ਹੋ ਕੇ ਬੂਹੇ ਤੱਕ ਤੇ ਆਇਆ,

ਪਿੱਛੇ ਮੁੜ ਮੁੜ ਤੱਕੇ ਨਾਲੇ ਡਰਿਆ ਡਰਿਆ ਬੋਲੇ ।

ਦੁਖ ਨੂੰ ਅੱਖ ਦਾ ਪਾਣੀ ਕਰਕੇ ਸਦਮਿਉਂ ਬਾਹਰ ਤੇ ਕੱਢੋ,

ਪੱਥਰ ਹੋ ਜਾਵੇਗਾ 'ਆਤਿਫ਼' ਜੇ ਹੰਝੂ ਨਾ ਡੋਲ੍ਹੇ ।

📝 ਸੋਧ ਲਈ ਭੇਜੋ