ਗਹਿਰੇ ਗਹਿਰੇ ਸਾਗਰ ਓਹਲੇ, ਝੀਲਾਂ ਵਾਲਾ ਦੇਸ
ਦਿਲ ਨੂੰ ਕੈਸਾ ਦਰਦ ਦੇ ਗਿਆ, ਝੀਲਾਂ ਵਾਲਾ ਦੇਸ
ਸ਼ਾਮਾਂ ਵਾਂਗੂੰ ਜੋਗਣ ਬੈਠੀ, ਅੱਗ ਸੁਨਹਿਰੀ ਬਾਲ
ਉਮਰ ਵਿਛਾ ਕੇ ਜੋਗੀ ਬਹਿ ਗਏ, ਭੁਲਕੇ ਆਪਣੀ ਭਾਲ
ਚੱਲੇ ਸੀ ਜਿਹੜੇ ਮਨ ਦੇ ਜੰਗਲ, ਮੋਢੇ ਲੈ ਕੇ ਖੇਸ
ਝੀਲਾਂ ਵਾਲਾ ਦੇਸ
ਰਾਹਾਂ ਦੀ ਇਸ ਭਾਲ ਭਾਲ ਵਿੱਚ, ਅੱਧੀ ਲੰਘੀ ਰਾਤ
ਏਸ ਜਨਮ ਵਿੱਚ ਮੁਕ ਨੀਂ ਸਕਣੀ, ਤੇਰੀ ਮੇਰੀ ਬਾਤ
ਕਈ ਜਨਮ ਤੱਕ ਮਿਲਦੇ ਰਹਿਣਾ, ਬਦਲ ਬਦਲ ਕੇ ਭੇਸ
ਝੀਲਾਂ ਵਾਲਾ ਦੇਸ
ਢੋਅ ਦਿੱਤੀ ਸੀ ਮਨ ਦੀ ਕੁਟੀਆ, ਭੁਲ ਕੇ ਸਭ ਨਿਰਵਾਣ
ਸੰਝ ਵੇਲੇ ਜਦ ਮੁੜਨ ਪਰਿੰਦੇ, ਲੱਭਿਆ ਦਿਲ ਦਾ ਹਾਣ
ਤੇਰੇ ਲਈ ਜੋ ਜਗੇ ਨੇ ਦੀਵੇ, ਜਗਦੇ ਰਹਿਣ ਹਮੇਸ਼
ਝੀਲਾਂ ਵਾਲਾ ਦੇਸ
ਦਿਲ ਦੇ ਅੰਦਰ ਚਲਦਾ ਰਹਿਣਾ, ਮੱਠਾ ਮੱਠਾ ਰਾਗ
ਛੁਹ ਤੇਰੀ ਨੇ ਝੋਲੀ ਪਾਈ, ਸਾਰੀ ਉਮਰ ਦੀ ਜਾਗ
ਤੇਰੀ ਬਾਝੋਂ ਥੋੜ੍ਹੀ ਥੋੜ੍ਹੀ, ਸਭ ਦੁਨੀਆ ਪਰਦੇਸ
ਝੀਲਾਂ ਵਾਲਾ ਦੇਸ
ਕੀ ਮਿਲਣੀ ਇਹ, ਕੀ ਚੌਰਾਹਾ, ਕੀ ਸਮਿਆਂ ਦੀ ਚਾਲ
ਸੰਝ ਦੇ ਵਾਂਗੂੰ ਘੁਲਿਆ ਜਾਵੇ, ਤੇਰਾ ਮੇਰਾ ਹਾਲ
ਨਜ਼ਰਾਂ ਅੱਗੇ ਡਿੱਗ ਡਿਗ ਪੈਂਦੇ, ਕਾਲੇ ਕਾਲੇ ਕੇਸ
ਝੀਲਾਂ ਵਾਲਾ ਦੇਸ