ਝਿਜਕਦਾ ਮੈਂ ਵੀ ਰਿਹਾ

ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ, 

ਚੁੱਪ-ਚਪੀਤੇ ਇਕ ਦੂਏ ਦੀ ਖ਼ੈਰ-ਸੁਖ ਮੰਗਦੇ ਰਹੇ।

ਉਮਰ ਬਿਰਥਾ ਜਾਣ ਦਾ ਅਹਿਸਾਸ ਮਿਲ ਕੇ ਜਾਗਿਆ, 

ਏਨੇ ਦਿਨ ਇਕ ਦੂਸਰੇ ਬਿਨ ਕਿਸ ਤਰ੍ਹਾਂ ਲੰਘਦੇ ਰਹੇ।

ਤੂੰ ਜੋ ਵਿਛੜਨ ਲੱਗਿਆਂ ਤੋੜੀ ਸੀ ਤੇਹ ਕੱਢਣ ਲਈ 

ਦਿਲ 'ਚ ਅਕਸਰ ਚੁੱਭਦੇ ਟੁਕੜੇ ਤੇਰੀ ਵੰਗ ਦੇ ਰਹੇ। 

ਚਾਕ ਜੋਗੀ ਹੋ ਗਿਆ ਤਾਂ ਹੋਈਆਂ ਮੱਝੀਆਂ ਉਦਾਸ, 

ਉਂਜ ਸਭ ਉਸੇ ਤਰ੍ਹਾਂ ਹੀ ਰੰਗ ਢੰਗ ਝੰਗ ਦੇ ਰਹੇ।

ਮਹਿਕ ਪੈਂਦੇ ਨੇ ਮੇਰੇ ਪੋਟੇ ਜਦੋਂ ਮੈਂ ਸੋਚਦਾ, 

ਤੇਰੇ ਵਾਲਾਂ ਵਿਚ ਕਦੀ ਇਹ ਫੁਲ ਸੀ ਟੰਗਦੇ ਰਹੇ। 

ਤੈਨੂੰ ਭੁੱਲਣ ਵਾਸਤੇ ਮੈਂ ਭਟਕਿਆ ਹਾਂ ਥਾਂ ਕੁਥਾਂ, 

ਥਾਂ ਕੁਥਾਂ ਪੈਂਦੇ ਭੁਲੇਖੇ ਤੇਰੇ ਅੰਗ ਅੰਗ ਦੇ ਰਹੇ।

📝 ਸੋਧ ਲਈ ਭੇਜੋ