ਝੋਂਪੜੀਆਂ ਨੇ ਚੋਣਾ ਏਂ ਬਰਸਾਤਾਂ ਵਿਚ

ਝੋਂਪੜੀਆਂ ਨੇ ਚੋਣਾ ਏਂ ਬਰਸਾਤਾਂ ਵਿਚ।

ਮਹਿਲਾਂ ਨੇ ਖੁਸ਼ ਹੋਣਾ ਏਂ ਬਰਸਾਤਾਂ ਵਿਚ ।

ਕੱਚੇ ਘਰ ਨੇ ਚੋਣਾ ਏਂ ਬਰਸਾਤਾਂ ਵਿਚ।

ਜਲ-ਥਲ-ਜਲ-ਥਲ ਹੋਣਾ ਏਂ ਬਰਸਾਤਾਂ ਵਿਚ ।

ਕਾਲੇ ਬੱਦਲਾਂ 'ਚੋਂ ਜਦ ਬਿਜਲੀ ਚਮਕੇਗੀ, 

ਦਿਲ ਵਿਚ ਕੁਛ-ਕੁਛ ਹੋਣਾ ਏਂ ਬਰਸਾਤਾਂ ਵਿਚ।

ਖੂੰਜੇ ਬਹਿ ਕੇ ਸਾਰੀ ਰਾਤ ਗੁਜ਼ਾਰਾਂਗੇ, 

ਸਾਡਾ ਘਰ ਵੀ ਚੋਣਾ ਏਂ ਬਰਸਾਤਾਂ ਵਿਚ ।

ਕੱਚੇ ਰਾਹ ਦੇ ਉੱਤੇ ਘਰ ਹੈ ਸੱਜਣਾਂ ਦਾ, 

ਏਸੇ ਗੱਲ ਦਾ ਰੋਣਾ ਏਂ ਬਰਸਾਤਾਂ ਵਿੱਚ।

ਉਹਨਾਂ ਨੇ ਕੀ ਲੈਣਾ ਘੋਰ-ਘਟਾਵਾਂ ਤੋਂ,

ਜਿਹਨਾਂ ਬੇਘਰ ਹੋਣਾ ਏਂ ਬਰਸਾਤਾਂ ਵਿਚ ।

ਜਿਸ ਦੀ ਪਿਆਸ ਬੁਝੀ ਨਾ ਸਾਉਣ ਮਹੀਨੇ ਵੀ,

ਉਸ ਬਿਰਹਨ ਨੇ ਰੋਣਾ ਏਂ ਬਰਸਾਤਾਂ ਵਿਚ ।

ਧੂੜ, ’ਚ ਲਥ-ਪਥ ਅਪਣਾ ਰੂਪ ਸੰਵਾਰਨ ਨੂੰ, 

ਸੜਕਾਂ ਨੇ ਮੂੰਹ ਧੋਣਾ ਏਂ ਬਰਸਾਤਾਂ ਵਿਚ ।

ਅੰਬ, ਦੁਸਹਿਰੀ ਚੂਪਣ ਆਵੀਂ ਪੁਰਹੀਰਾਂ,

'ਇਕਵਿੰਦਰ' ਘਰ ਹੋਣਾ ਏਂ ਬਰਸਾਤਾਂ ਵਿਚ।

📝 ਸੋਧ ਲਈ ਭੇਜੋ