ਤੇਰੀਆਂ ਰੋਹੀਆਂ ਵਿਚ ਨੇ 

ਮੇਰੇ ਬੋਲ ਪਿਆਸੇ,

ਤੇਰੇ ਚੰਨ ਦੇ ਹੇਠ ਨੇ 

ਮੇਰੇ ਕੌਲ ਉਦਾਸੇ।

ਕੂੰਜ ਦੇ ਪਰ 'ਚੋਂ ਡਿੱਗਦੀ 

ਕੋਈ ਧੂੜ ਮੈਂ ਵੇਖੀ, 

ਮੇਲਿਆਂ ਦੇ ਵਿਚ ਖੇਡਦੇ 

ਅੰਞਾਣ ਜਿਹੇ ਹਾਸੇ।

ਤੇਰੀ ਰਾਹ ਵਿਚ ਰੁਲੀ ਸੀ

ਫ਼ਰਿਆਦ ਫ਼ਕੀਰੀ,

ਖ਼ਾਨਗਾਹਾਂ ਦੀ ਚੁੱਪ ਵਿਚ 

ਮੇਰੇ ਧੁੱਖਦੇ ਪਾਸੇ।

ਤੇਰੇ ਖੰਡਰਾਂ ਨਾਲ ਮੈਂ 

ਅਸਮਾਨ ਨੂੰ ਮੇਚਾਂ, 

ਤੇਰੇ ਬ੍ਰਿਛਾਂ ਹੇਠ ਸੀ 

ਕੁਝ ਮਿਲੇ ਦਿਲਾਸੇ।

ਪਾਕ ਮਸੀਤ 'ਚ ਕਰਾਂ ਮੈਂ

ਬਹਿ ਯਾਦ ਝਨਾਵਾਂ,

ਸਉਣ ਮਾਹ ਦੇ ਸਦਾ ਹੀ

ਮੈਨੂੰ ਰਹੇ ਧਰਵਾਸੇ।

ਤੇਰੀ ਸਿਖਰ ਦੁਪਹਿਰ ਵਿਚ

ਜਦ ਭਖਿਆ ਕੇਸੂ,

ਡਾਢਾ ਤੋੜਣ ਲੱਗਿਆ

ਮੇਰੀ ਜਾਨ ਦੇ ਕਾਸੇ।

ਹੋਏ ਸੱਦ ਪਰਦੇਸ ਜਿਉਂ 

ਮੇਰੇ ਕੇਸ ਬਉਰਾਣੇ, 

ਹੋਏ ਕਾਲੇ ਖੂਹ ਵਿਚ 

ਮੇਰੇ ਕਦਮ ਬੇ-ਆਸੇ।

ਜਦੋਂ ਕਦੇ ਮੈਂ ਜੋਗ ਦੀ 

ਸੀ ਵਾਟ ਪਛਾਣੀ, 

ਬ੍ਰਿਛਾਂ ਦੇ ਸਿਰ ਪੁਰੇ ਦੇ 

ਲੱਖ ਕਟਕ ਹੁਲਾਸੇ।

ਜਦੋਂ ਕਦੇ ਮੈਂ ਪੁਰੇ ਵਿਚ 

ਸੰਗ ਯਾਰ ਦੇ ਤੁਰਿਆ, 

ਰਾਹ ਰੋਹੀਆਂ ਦਾ ਦਸਦੇ 

ਕੁਝ ਨਾਗ ਉਦਾਸੇ।

ਓਨੀਆਂ ਬੂੰਦਾਂ ਅਸਾਂ ਨੂੰ

ਸੁਣ ! ਮਿਲੀਆਂ ਜਾਨੀ,

ਜਿੰਨੇ ਤੇਰੀ ਵਾਟ ਦੇ

ਅਸਾਂ ਰੰਗ ਕਿਆਸੇ।

ਜੋ ਕੁਝ ਮੇਰਾ ਨਹੀਂ ਹੈ

ਲੈ ਬਾਗ਼ ਨੂੰ ਜਾਵਾਂ, 

ਮੈਨੂੰ ਯਾਰ ਦੀ ਚੁੱਪ ਹੀ 

ਫੜ ਰਹੀ ਚੌਪਾਸੇ।

ਇੱਕੋ 'ਵਾਜ ਫ਼ਕੀਰ ਦੀ

ਪਰਦੇਸ 'ਚੋਂ ਆਵੇ,

ਨਦੀਆਂ ਵਾਂਗੂੰ ਚਲੇ ਗਏ

ਮੈਨੂੰ ਛੋਡ ਚੁਮਾਸੇ।

ਪਰਬਤ ਵਾਂਗੂੰ ਖੜਾ ਹੈ

ਇਕਰਾਰ ਜੋ ਮੇਰਾ,

ਡਾਢੇ ਸ਼ਹੁ ਵਿਚ ਖੁਰੇ ਪਈ

ਜਿੰਦ ਵਾਂਗ ਪਤਾਸੇ।

ਪੀਲੇ ਪੱਤਰਾਂ ਹੇਠ ਨੇ

ਪਰਛਾਵੇਂ ਮੇਰੇ,

ਵਣਾਂ ਕਰੀਰਾਂ ਅੰਦਰਾਂ 

ਮੇਰੀ ਜਿੰਦ ਵਿਗਾਸੇ।

ਮਾਰੂਥਲਾਂ ਨੇ ਦੱਬਿਆ 

ਰਗ ਕੋਇਲ ਨੂੰ ਹੇਠਾਂ, 

ਲੋਹ-ਥੰਮ੍ਹਾਂ ਦੇ ਮੋੜ 'ਤੇ 

ਸਾਹ ਖੜੇ ਹਰਾਸੇ।

ਦਾਵਾ-ਅਗਨ ਦੁਪਹਿਰ ਨੂੰ 

ਵਿਚ ਝੱਖੜਾਂ ਉੱਠੀ, 

ਬਲੀ ਹਰਫ਼ 'ਚੋਂ ਬਣੀ ਹੋਈ 

ਕੋਈ ਕਲਮ ਵਿਣਾਸੇ।

ਮੇਰੇ ਪਰਾਂ 'ਤੇ ਚਮਕਦੇ

ਤੇਰੀ ਧੂੜ ਦੇ ਕਿਣਕੇ, 

ਭਾਵੇਂ ਸੂਰਜ ਚੜ੍ਹਣ ਪਏ 

ਸੈ ਬਰਸ ਆਗਾਸੇ।

📝 ਸੋਧ ਲਈ ਭੇਜੋ