ਝੂਮ ਕੇ ਅਪਣਾ ਪਤਾ ਦੇ, ਜ਼ਿੰਦਗੀ ਐ ਜ਼ਿੰਦਗੀ।
ਦੱਸ ਤੇਰੇ ਕੀ ਇਰਾਦੇ , ਜ਼ਿੰਦਗੀ ਐ ਜ਼ਿੰਦਗੀ।
ਰੋਂਦ ਮਾਰਨ ਵਾਲਿਆਂ ਨੂੰ ਰੋਣ ਦੇ, ਖੁਸ਼ ਹੋਣ ਦੇ,
ਮੁਸਕਰਾ ਦੇ, ਮੁਸਕੁਰਾ ਦੇ, ਜ਼ਿੰਦਗੀ ਐ ਜ਼ਿੰਦਗੀ।
ਜ਼ਰਦ ਰੁੱਤ ਨੂੰ ਸਬਜ਼ ਰੁੱਤ ਦੇ ਅੰਗ ਵਿਚ ਢਲ ਜਾਣ ਦੇ,
ਆਸ ਦੇ ਗੁੰਚੇ ਖਿੜਾ ਦੇ, ਜ਼ਿੰਦਗੀ ਐ ਜ਼ਿੰਦਗੀ।
ਮੈਂ ਜੋ ਤਨਹਾ ਤਨ ਖੜਾ ਹਾਂ ਦੇਰ ਤੋਂ ਇਸ ਮੋੜ ਤੇ,
ਹਮ ਸਫ਼ਰ ਕੋਈ ਮਿਲਾ ਦੇ, ਜ਼ਿੰਦਗੀ ਐ ਜ਼ਿੰਦਗੀ।
ਵੇਖ ਉਹ ਹਮਜ਼ਾਦ ਮੇਰਾ ਜਾ ਰਿਹਾ ਸ਼ਮਸ਼ਾਨ ਨੂੰ,
ਓਸ ਨੂੰ ਦੁਲਹਾ ਸਜਾ ਦੇ, ਜ਼ਿੰਦਗੀ ਐ ਜ਼ਿੰਦਗੀ।
ਮੈਂ ਤੇ ਅਪਣੇ ਸ਼ਹਿਰ ਵਿਚ ਵੀ ਅਜਨਬੀ ਹਾਂ ਅਜਨਬੀ,
ਇਸ ਤਰਾਂ ਨਾ ਬਦਦੁਆ ਦੇ, ਜ਼ਿੰਦਗੀ ਐ ਜ਼ਿੰਦਗੀ।
ਆਸ ਦਾ ਇਹ ਬੋਟ ਮੇਰਾ ਆਲ੍ਹਣੇ ’ਚੋਂ ਡਿਗ ਰਿਹਾ,
ਬੋਟ ਨੂੰ ਉੱਡਣਾ ਸਿਖਾ ਦੇ, ਜ਼ਿੰਦਗੀ ਐ ਜ਼ਿੰਦਗੀ।