ਝੂਠਾ ਅੱਖਰ ਜੀਭ ਤੇ ਰੁਕਿਆ ਹੋਇਆ ਸੀ
ਐਸੇ ਲਈ ਮੇਰਾ ਸੰਘ ਵੀ ਸੁੱਕਿਆ ਹੋਇਆ ਸੀ
ਰੱਜਿਆਂ ਪੈਰਾਂ ਹੇਠਾਂ ਆ ਕੇ ਮਿੱਧੀ ਗਈ
ਕੀੜੀ ਦੇ ਘਰ ਆਟਾ ਮੁੱਕਿਆ ਹੋਇਆ ਸੀ
ਰੱਬ ਦੇ ਅੱਗੇ ਕਿਵੇਂ ਰੱਦਿਆ ਜਾਂਦਾ ਮੈਂ
ਭਾਵੇਂ ਸਿਰ ਨਈਂ ਦਿਲ ਤੇ ਝੁਕਿਆ ਹੋਇਆ ਸੀ
ਇਸ ਲਈ ਉਸ ਨੇ ਮੇਰੀ ਹੋਂਦ ਗਵਾ ਛੱਡੀ
ਮੈਂ ਸ਼ੀਸ਼ੇ ਦੇ ਮੂੰਹ ਤੇ ਥੁੱਕਿਆ ਹੋਇਆ ਸੀ
ਭੋਰਾ ਥਾਂ ਨਈਂ ਲੱਭੀ ਪੈਰ ਟਿਕਾਵਣ ਲਈ
ਮੈਂ ਧਰਤੀ ਨੂੰ ਸਿਰ ਤੇ ਚੁੱਕਿਆ ਹੋਇਆ ਸੀ