ਝੂਠੇ ਹਾਸੇ ਹਸਦੇ ਵੇਖੇ ਲੋਕੀਂ ਮੈਂ
ਖੁਦ ਨੂੰ ਦੁੱਖੜੇ ਦਸਦੇ ਵੇਖੇ ਲੋਕੀਂ ਮੈਂ
ਅੰਦਰੋ ਅੰਦਰੀ ਰੋਂਦੇ ਮਹਿਲਾਂ ਵਾਲੇ ਨੇ
ਕੁੱਲੀਆਂ ਵਾਲੇ ਹਸਦੇ ਵੇਖੇ ਲੋਕੀਂ ਮੈਂ
ਔਖੇ ਵੇਲੇ ਕੌਣ ਕਿਸੇ ਦਾ ਬਣਦਾ ਏ
ਆਪਣਿਆਂ ਕੋਲੋਂ ਨਸਦੇ ਵੇਖੇ ਲੋਕੀਂ ਮੈਂ
ਭਰ ਜਾਵੇ ਜੇ ਦਿਲ ਬਹਾਨਾ ਲੱਭਦੇ ਨੇ
ਐਵੇਂ ਈ ਤਾਹਨੇ ਕਸਦੇ ਵੇਖੇ ਲੋਕੀਂ ਮੈਂ
'ਚਾਹਲ' ਸੱਪਾਂ ਦਾ ਐਵੇਂ ਨਾਂ ਬਦਨਾਮ ਏਥੇ
ਇਕ ਦੂਜੇ ਨੂੰ ਡਸਦੇ ਵੇਖੇ ਲੋਕੀਂ ਮੈਂ