ਜਿਸ ਦਿਨ ਦੀ
ਪੁੱਤ ਨੂੰ ਵਿਦੇਸ਼ ਤੋਰਨ ਲਈ
ਜ਼ਮੀਨ ਵੇਚੀ
ਉਸ ਦਿਨ ਦਾ
ਅੱਧਾ ਰਹਿ ਗਿਆ ਹੈ ਉਹ।
ਏਅਰਪੋਰਟ ਵੱਲ
ਰਵਾਨਾ ਹੋਣ ਲੱਗਿਆਂ
ਪੁੱਤ ਨੇ
ਉਸਦੇ ਮੋਢੇ 'ਤੇ ਹੱਥ ਰੱਖਿਆ
ਤੇ ਬੋਲਿਆ –
ਝੋਰਾ ਨਾ ਕਰ ਬਾਪੂ
ਇੱਕ ਸਾਲ ਦੇ ਵਿੱਚ
ਫਿਰ ਜ਼ਮੀਨ ਖ਼ਰੀਦ ਲਵਾਂਗੇ ਆਪਾਂ,
ਉਹ ਧਰਤੀ 'ਤੇ
ਨਜ਼ਰ ਗੱਡੀਂ ਖੜ੍ਹਾ ਬੋਲਿਆ
ਜ਼ਮੀਨ ਦਾ ਤਾਂ ਜੋ ਦੁੱਖ ਹੈ ਸੋ ਹੈ
ਪਰ ਝੋਰਾ ਤਾਂ ਏਸ ਗੱਲ ਦਾ ਹੈ
ਕਿ ਮੇਰੇ ਦਾਦੇ-ਪੜਦਾਦੇ ਦਾ ਨਾਂ
ਗੈਰਾਂ ਦੇ ਨਾਂ ਪਿੱਛੇ ਬੋਲੇਗਾ ਫ਼ਰਦਾਂ ਵਿੱਚ ।
ਸੁਣਦਿਆਂ ਹੀ
ਪੁੱਤ ਦਾ ਹੱਥ
ਬਾਪ ਦੇ ਮੋਢੇ ਤੋਂ ਤਿਲਕ ਜਾਂਦਾ ਹੈ ਤੇ
ਬਾਪ ਦੀ ਨਜ਼ਰ
ਪੁੱਤ ਦੇ ਹੱਥਾਂ ’ਤੇ ਆ
ਟਿਕਦੀ ਹੈ।