ਝੁੱਗੀਆਂ ਦੇ ਦੁੱਖ ਸੁਣ ਕੇ ਹੱਸਣਾ ਰੀਤ ਪੁਰਾਣੀ ਮਹਿਲਾਂ ਦੀ
ਇਸ ਤੋਂ ਵਧ ਕੇ ਦੱਸੋ ਕੀ ਏ ਹੋਰ ਕਹਾਣੀ ਮਹਿਲਾਂ ਦੀ
ਨੀਵੇਂ ਘਰਾਂ ਵੱਲ ਨਈਂ ਆਵਣ ਦੇਣਾ ਠੰਡੀਆਂ ’ਵਾਵਾਂ ਨੂੰ
ਭਾਵੇਂ ਕੁਝ ਵੀ ਹੋਵੇ ਇਹ ਨਈਂ ਆਦਤ ਜਾਣੀ ਮਹਿਲਾਂ ਦੀ
ਜੀਵਨ ਪਰੀਏ ਤੇਰਾ ਸਾਡਾ ਮੇਲ ਨਈਂ ਹੋਣਾ ਏਸੇ ਲਈ
ਉੱਜੜੇ ਪੁੱਜੜੇ ਘਰ ਨੇ ਸਾਡੇ ਤੂੰ ਏਂ ਰਾਣੀ ਮਹਿਲਾਂ ਦੀ
ਕੱਚੀਆਂ ਕੰਧਾਂ ਓਹਲੇ ਤੇ ਬਸ ਠੰਡੇ ਹਉਕੇ ਹੁੰਦੇ ਨੇ
ਸ਼ਾਮ ਤੇ ਕਸਮ ਏ ਹੁੰਦੀ ਏ ਬਸ ਸ਼ਾਮ ਸੁਹਾਣੀ ਮਹਿਲਾਂ ਦੀ
ਮਾੜੇ ਘਰ ਦੇ ਨੇੜੇ ਆ ਕੇ ਚੇਤਰ ਵੀ ਮੁੜ ਜਾਂਦਾ ਏ
ਫੁੱਲਾਂ ਨਾਲ ਏ ਲੱਦੀ ਰਹਿੰਦੀ ਇਕ ਇਕ ਟਾਹਣੀ ਮਹਿਲਾਂ ਦੀ
ਸਾਰੀ ਜ਼ਿੰਦਗੀ ‘ਸੰਧੂ’ ਇੱਕ ਵੀ ਸੁੱਚਾ ਹੀਰਾ ਲੱਭਿਆ ਨਾ
ਬੂਹੇ ਬੂਹੇ ਰੁਲ਼ਿਆ ਤੇ ਮੈਂ ਖ਼ਾਕ ਵੀ ਛਾਣੀ ਮਹਿਲਾਂ ਦੀ