ਚੇਤ ਦੀ ਉਹ ਨਿੱਖਰੀ ਹੋਈ ਚਾਨਣੀ
ਰਾਤ ਚਾਹੁੰਦੇ ਸੀ ਅਸੀਂ ਵੀ ਮਾਨਣੀ
ਉਲਝੀਆਂ ਅੰਗਾਂ 'ਚ ਰਿਸ਼ਮਾਂ ਚੰਨ ਦੀਆਂ
ਸੱਭੇ ਗੰਢਾਂ ਢਿਲਕੀਆਂ ਤਨ ਮਨ ਦੀਆਂ
ਤੇ ਅਨੋਖਾ ਲਾਡਲਾ ਸੌਂਦਾ ਨਾ ਸੀ
ਅੜੀ ਆਪਣੀ ਤੋਂ ਰਤਾ ਭੌਂਦਾ ਨਾ ਸੀ
ਮੰਗਦਾ ਸੀ ਚੰਨ ਕਹਿੰਦਾ ਨਾਲ ਪਾਉਣਾ
ਉਹਦੇ ਗੋਰੇ ਗਲ ਨੂੰ ਜੱਫੀ ਪਾ ਕੇ ਸੌਣਾ।
ਯਾਦ ਆਈ ਉਸਦੀ ਮੰਮੀ ਨੂੰ ਪੁਰਾਣੀ
ਕਿਸੇ ਪੁਸਤਕ ਵਿਚ ਪੜ੍ਹੀ ਹੋਈ ਕਹਾਣੀ
ਹੋਣਹਾਰੀ ਲਾਲ ਦੀ ਤੇ ਮੁਸਕਰਾਈ
ਤੇ ਰਸੋਈ ਵਿਚੋਂ ਥਾਲੀ ਚੁੱਕ ਲਿਆਈ
ਰੱਖ ਦਿੱਤੀ ਕੋਲ ਪਾਣੀ ਨਾਲ ਭਰਕੇ
ਅਕਸ ਚੰਨ ਦਾ ਡੋਲਦੇ ਪਾਣੀ 'ਚ ਥਰਕੇ
ਅੰਦਰੋਂ ਲੈ ਆਂਦੀ ਉਸ ਨੇ ਇਕ ਤਿਪਾਈ
ਉਸਦੇ ਉੱਤੇ ਪਾਣੀ ਦੀ ਥਾਲੀ ਟਿਕਾਈ।
ਟਿਕ ਗਈ ਥਾਲੀ ਤੇ ਟਿਕਿਆ ਅਕਸ ਚੰਨ ਦਾ
ਜਾਪਦਾ ਸੀ ਸਾਨੂੰ ਜ਼ਿੱਦੀ ਬਾਲ ਮੰਨਦਾ
ਚਾਨਣੇ ਘੇਰੇ 'ਚ ਚੇਹਰਾ ਮੁਸਕਰਾਇਆ
ਥਾਲੀ ਦੇ ਚੰਨ ਵੱਲ ਉਸਨੇ ਹੱਥ ਵਧਾਇਆ
ਖਿੰਡ ਗਿਆ ਚੰਨ ਪਾਣੀ ਉਸਦੇ ਹੱਥ ਆਇਆ
ਖਿੱਝ ਗਿਆ ਉਹ ਰੋਣ ਲੱਗਾ ਤਲਮਲਾਇਆ।
ਚੇਤ ਦੀ ਉਹ ਨਿੱਖਰੀ ਹੋਈ ਚਾਨਣੀ
ਰਾਤ ਚਾਹੁੰਦੇ ਸੀ ਅਸੀਂ ਵੀ ਮਾਨਣੀ।