ਜਿੱਧਰ ਜਾਵੀਂ, ਜਿੱਥੇ ਜਾਵੀਂ, ਪਹੁੰਚ ਤਕਾਲੇ ਘਰ ।
ਚਿੜੀਆਂ ਸ਼ਾਮੀਂ ਚੂੰ-ਚੂੰ ਕੀਤੀ ਆਣ ਦਵਾਲੇ ਘਰ ।
ਅੰਦਰੋਂ ਰੋਗੀ ਹੋਵੇ ਤੇ ਚਿਹਰੇ ਤੋਂ ਸਾਫ਼ ਦਿਸੇ,
ਡਿਉੜੀ ਤੋਂ ਹੀ ਲੱਭ ਪੈਂਦੇ ਜੇ ਹੋਣ ਸੁਖਾਲੇ ਘਰ ।
ਆਪਣਾ ਆਪ ਗੰਵਾ ਕੇ ਲੱਭੇ ਵਰ੍ਹਿਆਂ ਬਾਅਦ ਤੁਸੀਂ,
ਵੇਖੀ! ਤੇਰੇ ਪਿਆਰ ਦਵਾਏ ਦੇਸ ਨਿਕਾਲੇ ਘਰ ।
ਰੱਬਾ ਤੇਰੀ ਇਸ ਰਹਿਮਤ ਤੋਂ ਸੁੱਕੇ ਚੰਗੇ ਆਂ,
ਉਧਰ ਮੀਂਹ ਵੱਸੇ ਤੇ ਐਧਰ ਪੈਣ ਪਨਾਲੇ ਘਰ ।
ਰਵਾ-ਰਵੀਂ ਹਰ ਵਾਰੀ ਤੇਰੇ ਦਰ ਤੇ ਆਏ ਆਂ,
ਫ਼ਿਰ ਕਿਉਂ ਤੇਰੇ ਸ਼ਹਿਰ ਦੇ ਜਾਪਣ ਦੇਖੇ ਭਾਲੇ ਘਰ ।
ਕੰਨੋਂ ਬੁੱਚੀ, ਤਿਰਸੀ ਬੱਚੀ, ਮੰਗਦੀ ਜਾਨੋਂ ਗਈ,
ਕਿਸ ਕੰਮ ਬਾਅਦ 'ਚ ਪਿਉ ਆਇਆ ਜੇ ਲੈ ਕੇ ਵਾਲੇ ਘਰ ।
ਮਿਲਦੇ ਨਹੀਂ ਸਾਂ ਪਰ ਉਨ੍ਹਾਂ ਨੂੰ ਵੇਖ ਤੇ ਲੈਂਦੇ ਸਾਂ,
ਹਾਏ ਸੱਜਣਾ ਦੂਰ ਵਸਾਏ 'ਆਰਿਫ਼ ਵਾਲੇ' ਘਰ ।
ਐਨੇ ਉੱਚੇ ਨਾ ਤੂੰ 'ਅਨਵਰ' ਮਹਿਲ ਮੀਨਾਰ ਬਣਾ,
ਓੜਕ ਨੂੰ ਬਣਨਾ ਏ ਤੇਰਾ ਖ਼ਾਕ ਵਿਚਾਲੇ ਘਰ ।