ਜ਼ਿਹਨ ਦੇ ਅੱਤ ਗਹਿਰੇ ਪਾਣੀ

ਜ਼ਿਹਨ ਦੇ ਅੱਤ ਗਹਿਰੇ ਪਾਣੀ ਵਿੱਚ ਉੱਤਰ ਲਵਾਂ, ਬਿਹਤਰ। 

ਇਕੱਤਰ ਕਰਕੇ ਖ਼ੁਦ ਨੂੰ ਮੈਂ ਵੀ ਜੇ ਉੱਸਰ ਲਵਾਂ, ਬਿਹਤਰ। 

ਮੈਂ ਪਾਵਾ ਤਖ਼ਤ ਦਾ ਬਣ ਜੀਣ ਨਾਲੋਂ ਮਰ ਲਵਾਂ ਬਿਹਤਰ,

ਝੁਕੇ ਨਾ ਸੀਸ ਮੈਂ ਇਸ ਨੂੰ ਤਲ਼ੀ 'ਤੇ ਧਰ ਲਵਾਂ, ਬਿਹਤਰ।

ਕੋਈ ਵੀ ਥਲ ਮੇਰੇ ਪਾਣੀ ਨੂੰ ਹੁਣ ਤੱਕ ਰਾਸ ਨਾ ਆਇਆ,

ਅਜਾਈਂ ਸਾਗਰੀੰ ਗੁੰਮਣੋਂ ਬਿਰਖ਼ ‘ਤੇ ਵਰੵ ਲਵਾਂ, ਬਿਹਤਰ।

ਨਦੀ ਨੂੰ ਡੀਕ ਲਾ ਕੇ ਪੀ ਲਵਾਂ ਮੇਰਾ ਸੁਭਾਅ ਕਿੱਥੇ,

ਨਦੀ ਦੇ ਹਾਣ ਦੀ ਮੈਂ ਪਿਆਸ ਆਪਣੀ ਕਰ ਲਵਾਂ, ਬਿਹਤਰ।

ਉਹ ਹਉਮੈ ਦੀ ਸਿਕੰਦਰੀ ਜਿੱਤ ਲਈ ਲਲਕਾਰਦਾ ਫਿ਼ਰਦੈ,

ਮੈਂ ਐਸੀ ਜਿੱਤ ਦੇ ਮੈਡਲ ਦੇ ਨਾਲ਼ੋੰ ਹਰ ਲਵਾਂ, ਬਿਹਤਰ।

ਨੇ ਇੱਕ ਪੱਲੜੇ 'ਚ ਪਰ ਦੂਜੇ 'ਚ ਪਿੰਜਰਾ ਸੋਨ ਤੇ ਮੋਤੀ,

ਖ਼ੁਆਬੀ ਜ਼ਿੰਦਗੀ ਦੇ ਜਿਉਣ ਲਈ ਮੈਂ ਪਰ ਲਵਾਂ, ਬਿਹਤਰ।

ਕਦੋਂ ਤੱਕ ਉਜੜਿਆਂ ਫਿਰਨਾ ਮਨੁੱਖ ਤਾਈਂ ਮੁਨਾਸਿਬ ਹੈ,

ਮੈਂ ਆਪਣੇ ਰੀਝ ਦੇ ਮੌਲਣ ਲਈ ਇੱਕ ਘਰ ਲਵਾਂ ਬਿਹਤਰ।

ਮੈਂ ਭਾਵੇਂ ਬੋਹੜ ਦਾ ਹਾਂ ਬੀਜ ਪਰ ਮੈਨੂੰ ਮਿਲੇ ਗ਼ਮਲਾ,

ਅਜਾਈਂ ਖ਼ਾਕ ਹੋਣੋਂ ਮੈਂ ਜ਼ਰਾ ਪੁੰਗਰ ਲਵਾਂ, ਬਿਹਤਰ। 

📝 ਸੋਧ ਲਈ ਭੇਜੋ