ਜਿਹਦੇ ਬਾਝੋਂ ਬਚਦਾ ਨਈਂ

ਜਿਹਦੇ ਬਾਝੋਂ ਬਚਦਾ ਨਈਂ 

ਹੁਣ ਤਾਂ ਉਹ ਵੀ ਜਚਦਾ ਨਈਂ

ਖੋਹ ਕੇ ਖਾਧਾ ਹੋਵੇ, ਤੇ 

ਐਡੀ ਛੇਤੀ ਪਚਦਾ ਨਈਂ

ਵਿੱਚ ਕਸੂਰ ਦੇ ਕੀ ਹੋਇਆ 

ਅਜਕਲ ਬੁੱਲ੍ਹਾ ਨੱਚਦਾ ਨਈਂ

ਬਾਹਰੋਂ ਅੱਗਾਂ ਲੱਗੀਆਂ ਨੇ 

ਅੰਦਰ ਭਾਂਬੜ ਮੱਚਦਾ ਨਈਂ

ਪੱਥਰ ਹੋਇਆ ਪੱਥਰਾਂ ਵਿੱਚ 

ਸਾਰਾ ਦਿਲ ਹੁਣ ਕੱਚ ਦਾ ਨਈਂ

ਇਸ਼ਕ ਦਾ ਜ਼ਹਿਰ ਵੀ ਪੀਤਾ ਏ 

ਅੰਦਰ ਲਹੂ ਦੇ ਰਚਦਾ ਨਈਂ

‘ਅਰਸ਼ਦ’ ਝੂਠ ਤੂੰ ਬੋਲੀ ਜਾਹ 

ਇਹ ਜ਼ਮਾਨਾ ਸੱਚ ਦਾ ਨਈਂ

📝 ਸੋਧ ਲਈ ਭੇਜੋ