ਜੀਹਦੇ ਸੀਨੇ ਫੱਟ ਕੋਈ ਨਹੀਂ

ਜੀਹਦੇ ਸੀਨੇ ਫੱਟ ਕੋਈ ਨਹੀਂ ਉਹ ਫ਼ਨਕਾਰ ਕਹਾਵੇ ਨਾ

ਜੀਹਨੂੰ ਜਾਨ ਪਿਆਰੀ ਹੋਵੇ ਏਸ ਗਲੀ ਵੱਲ ਆਵੇ ਨਾ

ਅੱਧ ਵਿਚਾਲੇ ਛੱਡ ਗਿਆ ਕਾਤਿਲ ਸੀ ਯਾ ਦਰਦੀ ਸੀ,

ਧੁੱਪੇ ਜਿਹੜਾ ਜਰ ਨਾ ਸੱਕੇ, ਛਾਵੇਂ ਜੋ ਦਫ਼ਨਾਵੇ ਨਾ

ਇਹ ਤੇ ਮੰਨਣ ਦੇ ਵਿਚ ਆਵੇ ਡਾਰ ਕਦੀ ਵਿੱਛੜਦੀ ਨਹੀਂ,

ਹੋ ਨਹੀਂ ਸਕਦਾ ਡਾਰ ਵਿਛੁੰਨੀ ਕੂੰਜ ਕਦੇ ਕੁਰਲਾਵੇ ਨਾ

ਪੱਥਰ ਮਾਰਣ ਵਾਲਿਉ ਆਉ, ਆਉ ਤੇ ਸੰਗਸਾਰ ਕਰੋ,

ਮੁਜਰਮ ਦੇ ਲਈ ਸ਼ਿਬਲੀ ਵਾਂਗੂੰ ਕੋਈ ਵੀ ਫੁੱਲ ਲਿਆਵੇ ਨਾ

ਹਿੰਮਤ ਹਾਰੇ ਲੋਕਾਂ ਦੇ ਵਿਚ ਮੈਨੂੰ ਵੀ ਫ਼ਿਰ ਗਿਣਿਆ ਜੇ,

ਮੋਇਆਂ ਮਗਰੋਂ ਕਬਰ ਮੇਰੀ ਤੇ ਦੀਵਾ ਜੇ ਰੁਸ਼ਣਾਵੇ ਨਾ

ਫ਼ਿਰਦੋਸ਼ੀ, ਫ਼ਰਹਾਦ ਦੋਹਾਂ ਨੇ ਕਾਰ ਮੁਕੰਮਲ ਕੀਤੀ ਸੀ,

ਆਸ਼ਿਕ ਕੌਲ ਨਿਭਾਉਂਦੇ ਭਾਵੇਂ ਕੋਈ 'ਸੁਲਤਾਨ' ਨਿਭਾਵੇ ਨਾ

📝 ਸੋਧ ਲਈ ਭੇਜੋ