ਸੁਣ ਜਿਹਲਮ ਦੇ ਪਾਣੀਆਂ, ਤਿਰੇ ਝਿਮ ਝਿਮ ਕਰਦੇ ਹੱਥ
ਸ਼ੀਹਾਂ ਦੀ ਰੁੱਤ ਸਮੇਂ ਤੋਂ, ਪਈ ਚੁੰਮ੍ਹਦੀ ਤੇਰੇ ਹੱਥ ।
ਚੜ੍ਹਿਆ ਤੇਰਿਆਂ ਪਾਣੀਆਂ ਉਮਰ ਦਾ ਡਾਢਾ ਸੇਕ
ਖ਼ਾਕ ਦੇ ਸੁੱਤੇ ਰੋਹ ਵਿਚ, ਤੇਰੀ ਲੰਮੀ ਅੰਬਰ-ਹੇਕ।
ਤੇਰੇ ਹੜ੍ਹ ਵਿਚ ਕੰਬਿਆ, ਜੋ ਤਾਰਾ ਤਪਦਾ ਰਗ
ਜਿਸਦੇ ਅੰਦਰ ਸਮਾ ਹੈ, ਜਿਸਦੇ ਲਾਂਭੇ ਜੱਗ ।
ਕਰਕੇ ਬਾਹਾਂ ਲੰਮੀਆਂ, ਤੈਨੂੰ ਮਿਲਦੇ ਆਣ ਫ਼ਕੀਰ
ਫ਼ਜਰਾਂ ਦੇ ਤਨ ਰੰਗਲੇ, ਵਿਚ ਰੂਹ ਹੋ ਗਏ ਦਿਲਗੀਰ।
ਲੰਮੇ ਗੀਤ ਪੰਜਾਬ ਦੇ, ਤੇਰੇ ਬੂਹੇ ਕਰਦੇ ਲੋ
ਤਕ ਲਗਰਾਂ ਓਹਲੇ ਬੇਲੀਆ, ਚੰਨ ਈਦ ਦੇ ਡੁੱਬਦੇ ਰੋ।
ਚੜ੍ਹਦੇ ਜੋਬਨ ਕੂਕਦੀ, ਤਿਰੀ ਉੱਚੀ ਲਸ਼ਕਰ-'ਵਾਜ
ਰੁਮਕ ਸਹਿਮ ਦੀ ਫ਼ਜਰ ਦੇ, ਚੁੰਮ੍ਹਦੀ ਰਿਮਝਿਮ ਤਾਜ।
ਸਰਕੜਿਆਂ ਦੇ ਬੁੰਬਲੀਂ, ਚੜ੍ਹ ਰੁਮਕ ਰਹੀ ਕੰਨਸੋਅ
ਕਿਸ ਵਗਦੇ ਡੂੰਘੇ ਰਾਜ਼ 'ਤੇ, ਪਏ ਕਰਦੇ ਜੁਗਨੂੰ ਲੋ ?
ਸੁਣ ਜਿਹਲਮ ਦੇ ਪਾਣੀਆਂ, ਤੇਰੀ ਮੰਗਦੇ ਰੋ ਕੇ ਖੈਰ
ਬੂਹਾ ਖ਼ੂਨੀ ਗਹਿਰ ਦਾ, ਪਏ ਢੂੰਡਣ ਸਾਡੇ ਪੈਰ।
ਰੰਗਦੇ ਚਿੜੀ ਦੇ ਖੰਭ ਨੂੰ, ਤੇਰੇ ਵਗਦੇ ਹੋਏ ਪਿਆਰ
ਸਰਕੜਿਆਂ ਦੇ ਭੱਠ ਵਿਚ, ਜਦ ਤਪਦੇ ਆ ਕੇ ਹਾੜ੍ਹ।