ਜਿਹੜੀ ਸੋਚ ਦੀ ਲੋੜ ਸੀ ਸਾਨੂੰ ਉਹਦਾ

ਜਿਹੜੀ ਸੋਚ ਦੀ ਲੋੜ ਸੀ ਸਾਨੂੰ ਉਹਦਾ ਕਾਲ਼ ਏ ਚਾਚਾ 

ਤਾਂ ਤੇ ਸਾਡਾ ਡੰਗਰਾਂ ਤੋਂ ਵੀ ਭੈੜਾ ਹਾਲ ਏ ਚਾਚਾ

ਮੈਨੂੰ ਤੂੰ ਇਹ ਸੋਚ ਕੇ ਦੱਸ ਖਾਂ ਆਪਣੇ ਦੇਸ ਦੇ ਅੰਦਰ 

ਬੇ-ਵਸੀਆਂ ਤੇ ਬੇ-ਹਿੱਸੀਆਂ ਨੂੰ ਕਿਤਵਾਂ ਸਾਲ ਏ ਚਾਚਾ

ਮੈਨੂੰ ਚੁੱਪ ਕਰਾ ਦੇਂਦੇ ਨੇ ਉਹਨੂੰ ਕੁਝ ਨਈਂ ਕਹਿੰਦੇ 

ਉਹ ਤਗੜੇ ਦਾ ਪੁੱਤਰ ਵੀ ਤੇ ਕੱਲ੍ਹ ਦਾ ਬਾਲ ਏ ਚਾਚਾ 

ਘਰ ਘਰ ਲੱਗੀ ਇੱਟ ’ਤੇ ਜੇ ਮਜ਼ਦੂਰ ਦਾ ਲੂਹ ਨਈਂ ਲੱਗਿਆ 

ਮੈਨੂੰ ਵੀ ਫਿਰ ਦੱਸ ਖਾਂ ਇਹਦਾ ਰੰਗ ਕਿਉਂ ਲਾਲ ਏ ਚਾਚਾ 

ਜੂ ਜੰਮੇ ਆਂ ਸਹਿੰਦੇ ਪਏ ਨੇ ਮਾੜੇ ਈ ਦੁੱਖ ਸਾਰੇ 

ਆਪਣੇ ਪਿੰਡ ਤੇ ਰੱਬ ਵੀ ਖ਼ੌਰੇ ਤਗੜੇ ਨਾਲ਼ ਏ ਚਾਚਾ

ਹੁਣ ਵੀ ਜੇ ਨਾ ਲੋਕੀਂ ਬਦਲੇ ਤੇ ਫਿਰ ਇਸ ਤੋਂ ਅੱਗੇ 

ਸਿੱਧੀ ਸਾਵੀਂ ਅੰਨ੍ਹੇ ਖੂਹ ਵਿਚ ਅੰਨ੍ਹੀ ਛਾਲ਼ ਏ ਚਾਚਾ 

ਜਿਹੜੇ ਬਾਗ਼ ਨੂੰ ਲਾਉਦੇਂ ਰਹਿ ਗਏ ਤੋਤੇ ਮੋਰ ਤੇ ਚਿੜਿਆਂ 

ਗਿਰਝਾਂ ਤੇ ਕੁਝ ਕਾਵਾਂ ਰਲ਼ ਕੇ ਦਿੱਤਾ ਗਾਲ਼ ਏ 

ਚਾਚਾ ਨਿੱਤ ਗਲ਼ੀ 'ਚੋਂ ਲੰਘਦਾ ਏ ਜੋ ’ਵਾ ਦੇ ਬੁੱਲੇ ਵਰਗਾ 

ਬਾਕੀ ਦਾ ਤੂੰ ਛੱਡ ਪਰ ਉਹਦੀ ਟੋਰ ਕਮਾਲ ਏ ਚਾਚਾ 

‘ਸੰਧੂ’ ਇੱਕੋ ਗੱਲ ਪੁੱਛਦਾ ਏ ਦੂਰ ਕਰਨ ਵਿਚ ਸਾਨੂੰ 

ਬੰਦੇ ਹੁਣ ਤੱਕ ਸਮਝੇ ਕਿਉਂ ਨਈਂ ਕਿਹਦੀ ਚਾਲ ਏ ਚਾਚਾ

📝 ਸੋਧ ਲਈ ਭੇਜੋ