ਜ਼ਿਕਰ ਤੇਰਾ ਛਿੜ ਗਿਆ

ਜ਼ਿਕਰ ਤੇਰਾ ਛਿੜ ਗਿਆ ਮੌਸਮ ਸ਼ਰਾਬੀ ਹੋ ਗਿਆ ।

ਕੀ ਹੋਇਆ ਜੇ ਰੰਗ ਮੇਰਾ ਵੀ ਗੁਲਾਬੀ ਹੋ ਗਿਆ ।

ਭੁੱਖਾ-ਨੰਗਾ ਸੀ ਜਦੋਂ ਉਹ ਦੋਸਤੀ ਦਾ ਮਾਨ ਸੀ,

ਯਾਰ ਜਦ ਦਾ ਲੱਖਪਤੀ ਹੋਇਆ ਹਿਸਾਬੀ ਹੋ ਗਿਆ ।

ਭਟਕਦਾ ਸਾਂ ਜਦ ਹਵਾ ਵਿਚ ਕੌਮ ਦਾ ਸ਼ਾਇਰ ਸਾਂ ਮੈਂ,

ਗੱਲ ਜਦੋਂ ਮਿੱਟੀ ਦੀ ਕੀਤੀ ਮੈਂ ਪੰਜਾਬੀ ਹੋ ਗਿਆ ।

ਸ਼ਿਅਰ ਕਹਿਣਾ ਦਰਦ ਦੇ ਸਹਿਰਾਅ ਦੇ ਵਿਚ ਹੈ ਭਟਕਣਾ

ਸ਼ਿਅਰ ਸੁਣਨਾ ਦੋਸਤਾ ਲੋਕਾਂ ਦੀ ਹਾਬੀ ਹੋ ਗਿਆ ।

ਦੁਸ਼ਮਣੀ ਵੀ ਪਿਆਰੀ ਲਗਦੀ ਬੀਤੇ ਹੋਏ ਕੱਲ੍ਹ ਦੀ,

ਅੱਜ ਦੀ ਯਾਰੀ ਦਾ ਵੀ ਮਜ਼ਹਬ ਰਕਾਬੀ ਹੋ ਗਿਆ ।

ਸ਼ਿਅਰਗੋ ਰਹਿੰਦਾ ਤੇ ਖ਼ਬਰੇ ਕੋਈ ਵੀ ਨਾ ਜਾਣਦਾ,

ਝੂਠੀ ਸ਼ੋਹਰਤ ਵਾਸਤੇ ਮੈਂ ਇਨਕਲਾਬੀ ਹੋ ਗਿਆ ।

ਬੰਦੀ ਵਾਨਾਂ ਦੇ ਜਦੋਂ ਵੀ ਭਾਗ ਜਾਗੇ ਨੇ 'ਸਲੀਮ'

ਵੈਰੀਆਂ ਦਾ ਵੈਰ ਵੀ ਖ਼ੁਸ਼ੀਆਂ ਦੀ ਚਾਬੀ ਹੋ ਗਿਆ ।

📝 ਸੋਧ ਲਈ ਭੇਜੋ