ਜ਼ਿਮੀਂ ਦੀਆਂ ਕੁਲ ਕੰਬਨ

ਜ਼ਿਮੀਂ ਦੀਆਂ ਕੁਲ ਕੰਬਨ ਰੇਖਾਂ 

ਫਿਰ ਮੈਂ ਵਿਚ ਚਾਨਣੀ ਵੇਖਾਂ :

ਆਦਿ ਜੁਗਾਦਿ ਦਿਆਂ ਬਨਬਾਸਾਂ 

ਲਿਪਟ ਕੇ ਨਾਲ ਜ਼ਿਮੀਂ ਦੇ ਸਾਸਾਂ

ਦੱਸੇ ਭੇਦ ਉਮਰ ਦੇ ਜਾਂਦੇ 

ਪੈੜਾਂ ਨਾਲ ਹੀ ਜਾਣ ਮਿਟਾਂਦੇ। 

ਝੱਖੜ ਜਾਣ ਪਰ ਦਰਿਆ 'ਤੇ 

ਮੌਤ-ਗੁਫ਼ਾਵਾਂ ਸਿਰਾਂ 'ਤੇ ਚਾ ਕੇ। 

ਕੁਝ ਤਾਂ ਲਿਖ ਗਏ ਪੈੜਾਂ ਉੱਤੇ 

ਮਿਟ ਗਏ ਅੱਖਰ ਅੱਪਣੀ ਰੁੱਤੇ।

ਰਾਮ ਦੇ ਤੀਰ ਜਲੇ ਬੇਆਸੇ– 

ਸੋਨ ਮਿਰਗ ਗਏ ਕਿਸ ਪਾਸੇ !

ਜੋਬਨਵੰਤ ਜਗਾਈਆਂ ਹੀਰਾਂ

ਨੈਣ ਭਰੇ ਰਾਮ ਦੇ ਤੀਰਾਂ।

ਪਰਬਤ ਸਿੰਧ ਬਾਰ ਦੇ ਵੈਣਾਂ

ਮੌਤ ਵਿਹੜਿਉਂ ਮੁੜੀਆਂ ਭੈਣਾਂ।

ਜਦ ਕਦ ਚੁੱਪ ਅਬੋਲ ਬੁਲਾਈਆਂ 

ਜੀਵਨ-ਸਿੰਧ ਛਿਪਨ ਤ੍ਰਿਹਾਈਆਂ। 

ਕਿਸਨੇ ਅੱਪਣੀ ਬਾਂਹ ਉਲਾਰੀ

ਚੰਨ ਦੇ ਪਾਰ ਧੂੜ ਦੁਖਿਆਰੀ। 

ਕੌਣ ਬੁੱਤ ਉਹ ਕੂਣ ਭੈੜੇ 

ਚਹੁੰ ਕੂੰਟਾਂ ਵਿਚ ਦੇਵਣ ਪਹਿਰੇ। 

ਹੂੰਗਰ ਮਾਰਨ ਘਾਇਲ ਉਹ ਕਿੱਥੋਂ

ਕਿਸੇ ਭੈਣ ਦੀ ਖਾਰੀ ਵਿੱਚੋਂ

ਕੌਣ ਚੁੱਕੇ ਇਹ ਚਿਰਾਂ ਦੀ ਖਾਰੀ

ਜਾਂ ਧਰ ਜਾਂ ਅਸਮਾਨ ਦੀ ਵਾਰੀ। 

ਹੱਥ ਪੁਨੀਤ ਬਾਰ ਦੇ ਸੂਹੇ 

ਖੋਲ੍ਹ ਦੇਣ ਰਮਜ਼ਾਂ ਦੇ ਬੂਹੇ। 

ਲੈਣ ਪਈਆਂ ਦੂਰੋਂ ਕੰਨਸੋਆਂ 

ਬਨਬਾਸਾਂ ਦੀਆਂ ਛਿਪਦੀਆਂ ਲੋਆਂ।

📝 ਸੋਧ ਲਈ ਭੇਜੋ