ਜਿੰਮੇਦਾਰੀਆਂ

ਜਦ ਸੀ ਬਚਪਨ ਤਾਂ ਮੌਜਾਂ ਮਾਣਦੇ ਸੀ ।

ਭਾਵੇਂ ਦਰ ਦਰ ਖ਼ਾਕ ਛਾਣਦੇ ਸੀ ।।

ਨਾ ਡਰ ਤੇ ਨਾ ਜਿੰਮੇਦਾਰੀਆਂ ਸੀ ।

ਹਰ ਪਲ ਖੇਡਣ ਦੀਆਂ ਤਿਆਰੀਆਂ ਸੀ ।।

ਹੁੰਦੀ ਯਾਰਾਂ ਦੀ ਅਮੀਰੀ ਸੀ ।

ਭਾਵੇਂ ਪੈਸੇ ਪੱਖੋਂ ਫ਼ਕੀਰੀ ਸੀ ।।

ਮਸਤੀ ਵਿਚ ਹੱਸਦੇ ਗਾਉਂਦੇ ਸੀ ।

ਮਾਪੇ ਵੀ ਲਾਡ ਲਦਾਉਂਦੇ ਸੀ ।।

ਕੰਮ ਖੇਡਣਾ ਸੀ ਤੇ ਪੜ੍ਹਨਾ ਸੀ ।

ਯਾਰਾਂ ਬੇਲੀਆਂ ਦੇ ਨਾਲ ਲੜਨਾ ਸੀ ।।

ਦਾਦੀ ਮਾਂ ਕਹਾਣੀਆਂ ਸੁਣਾਉਂਦੀ ਸੀ ।

ਸਾਨੂੰ ਰੁੱਸਿਆਂ ਨੂੰ ਆਣ ਮਨਾਉਂਦੀ ਸੀ ।।

ਪਰ ਜਦ ਤੋਂ ਅਸੀਂ ਜਵਾਨ ਹੋਏ ।

ਬਸ ਉਦੋਂ ਤੋਂ ਹੀ ਪ੍ਰੇਸ਼ਾਨ ਹੋਏ ।।

ਖੇਡਾਂ ਖੇਡਣੀਆਂ ਸਭ ਰਹਿ ਗਈਆਂ ।

ਜਿੰਮੇਦਾਰੀਆਂ ਜਦੋਂ ਦੀਆਂ ਪੈ ਗਈਆਂ ।।

ਉਤੋਂ ਕਰਵਾ ਕੇ ਵਿਆਹ ਚਾਵਾਂ ਨਾਲ ।

ਪਾ ਲਿਆ ਵੈਰ ਭਰਾਵਾਂ ਨਾਲ ।।

ਹੁਣ ਸਭ ਤੋਂ ਵੱਖ ਰਹਿਣਾ ਪੈਂਦਾ ਏ ।

ਦੁੱਖ ਵਿਰਹੋਂ ਦਾ ਸਹਿਣਾ ਪੈਂਦਾ ਏ ।।

ਹੁਣ ਕੋਈ ਨਾ ਸਾਨੂੰ ਪਿਆਰ ਕਰੇ ।

ਹੁਣ ਰਹਿੰਦੇ ਹਾਂ ਬਸ ਮਰੇ ਮਰੇ ।।

ਹੁਣ ਕੰਮ ਵੀ ਦਿਨ ਭਰ ਕਰਦੇ ਹਾਂ ।

ਫਿਰ ਵੀ ਡਰ ਡਰ ਮਰਦੇ ਹਾਂ ।।

ਹੁਣ ਪੈਸਿਆਂ ਦੀ ਅਮੀਰੀ ਏ ।

ਪਰ ਯਾਰਾਂ ਦੀ ਫ਼ਕੀਰੀ ਏ ।।

ਆਪੇ ਹੱਸ ਲਈ ਦਾ ਆਪੇ ਗਾ ਲਈ ਦਾ ।

ਮਨ ਰੁਸਿਆ ਆਪ ਮਨਾ ਲਈ ਦਾ ।।

ਪਿਆਰ ਲੱਭਦੇ ਹਾਂ ਪਰ ਲੱਭਦਾ ਨਹੀਂ ।

ਮੁਖ ਸੋਹਣਾ ਹੈ ਪਰ ਫੱਬਦਾ ਨਹੀਂ ।।

ਜੋ ਮਿਲਦਾ ਹੈ ਉਹ ਖਾ ਲਈ ਦਾ ।

ਇਹੋ ਜਿੰਦਗੀ ਮਨ ਸਮਝਾ ਲਈ ਦਾ ।।

📝 ਸੋਧ ਲਈ ਭੇਜੋ