ਜਿੰਦ ਆਪਣੀ ਨੂੰ ਗਹਿਣੇ ਧਰ

ਜਿੰਦ ਆਪਣੀ ਨੂੰ ਗਹਿਣੇ ਧਰ ਕੇ ਲਵਾਂ ਨਜ਼ਾਰੇ ਜੀਵਨ ਦੇ ।

ਕਿਸਤਾਂ ਮੁੱਕਣ ਤੀਕ ਨਾ ਆਈਆਂ ਸਾਹ ਵੀ ਹਾਰੇ ਜੀਵਨ ਦੇ ।

ਪੁੱਠੀ ਖੱਲ ਲਹਾਉਂਦਾ ਕਿਧਰੇ ਕਿਧਰੇ ਤਖ਼ਤ ਬਿਠਾਉਂਦਾ ਏ,

ਸਦਕੇ ਵਾਰੀ ਜੀਵਨ ਤੋਂ ਮੈਂ ਵਾਰੇ ਵਾਰੇ ਜੀਵਨ ਦੇ ।

ਮਿੱਠਾ ਪਾਣੀ ਮਿਲਦਾ ਨਹੀਂ ਤੇ ਕੌੜੇ ਘੁੱਟ ਭਰੀ ਦੇ ਨੇ,

ਦੁੱਖਾਂ ਮਾਰੇ ਲੋਕਾਂ ਦੇ ਲਈ ਖੂਹ ਨੇ ਖਾਰੇ ਜੀਵਨ ਦੇ ।

ਸੁਣਿਐ ਇਕ ਦਿਨ ਉਹ ਆਉਣਾ ਏ ਮੁਰਦੇ ਜ਼ਿੰਦਾ ਹੋਣੇ ਨੇ,

ਮੈਂ ਸਮਝਾਂ ਨਹੀਂ ਉੱਠਣਗੇ ਜੋ ਬੰਦੇ ਮਾਰੇ ਜੀਵਨ ਦੇ ।

ਜਿਹੜੇ ਲੋਕੀ ਜਿਉਂਦੇ ਨੇ 'ਸੁਲਤਾਨ' ਸਹਾਰੇ ਜ਼ਿੰਦਾ ਨੇ,

ਸਾਨੂੰ ਤੇ ਦਫ਼ਨਾ ਗਏ ਨੇ ਇਹ ਝੂਠੇ ਕਾਰੇ ਜੀਵਨ ਦੇ ।

📝 ਸੋਧ ਲਈ ਭੇਜੋ