ਜਿੰਦ ਅਵਾਰਾ

ਨਿਰਮਲ ਨਿਰਮਲ ਤੇਰੀ ਝੀਲ ਵਿਚ 

ਝਿਲਮਿਲ ਮਿਲਮਿਲ ਤਾਰਾ 

ਨਾ ਇਹ ਤਾਰਾ ਘੁਲਿਆ ਮਿਲਿਆ 

ਨਾ ਇਹ ਨਿਆਰਾ ਨਿਆਰਾ

ਨਿਰੀ ਪੌਣ ਹਾਂ ਅੰਗ ਚਿਰਵਾ ਕੇ 

ਕੰਡਿਆਂ 'ਚੋਂ ਲੰਘ ਜਾਵਾਂ 

ਅਪਣੇ ਪਿੱਛੇ ਛੱਡ ਨਾ ਸੱਕਾਂ 

ਅਪਣਾ ਲੀਰ-ਲੰਗਾਰਾ

ਉਮਰ ਦੁਪਹਿਰਾ ਸੜਦਾ ਸੂਰਜ 

ਪਾਣੀ ਪਾਣੀ ਖੁਰਿਆ 

ਆਖ ਸਕਿਆ ਬਕਲੇ ਪਾਣੀ 

ਪੀ ਲੈ ਪੀ ਲੈ ਯਾਰਾ

ਦਰਿਆਵਾਂ ਤਾਂ ਕਿਹਾ ਬਥੇਰਾ 

ਨੰਗ-ਮੁਨੰਗਾ ਨ੍ਹਾ ਲੈ 

ਦਰਿਆਵਾਂ ਤੋਂ ਕੰਡਿਆਂ ਤੀਕਰ 

ਪਰ ਰਸਤਾ ਸੀ ਭਾਰਾ

ਪਹਿਲੀ ਨਜ਼ਰੇ ਕੋਰੇ ਬਦਨ ਤਕ 

ਸਭ ਤੈਨੂੰ ਦੇ ਦਿੱਤਾ 

ਭਾਵੇਂ ਪਤਾ ਸੀ ਇਹਨਾਂ ਰਾਹੀਂ 

ਲੰਘਣਾ ਨਹੀਂ ਦੁਬਾਰਾ

ਪਹਿਲੀ ਥਰਹਰ ਬਣ ਕੇ ਤੇਰੇ 

ਪਿੰਡੇ ਤੇ ਜੀ ਲੀਤਾ

ਦੂਜੀ ਥਰਹਰ ਤੀਕ ਉਡੀਕੇ 

ਉਹ ਨਹੀਂ ਜਿੰਦ ਅਵਾਰਾ

ਸ਼ਾਮ ਪਈ ਹੁਣ ਨ੍ਹੇਰਾ ਬਣ ਕੇ 

ਥਾਂ ਪਰ ਥਾਂ ਡੁਲ੍ਹ ਜਾਵਾਂ 

ਕੱਲ੍ਹ ਨੂੰ ਸੂਰਜ ਹੂੰਝ ਲਵੇਗਾ 

ਮੇਰਾ ਖੇਲ-ਖਿਲਾਰਾ

📝 ਸੋਧ ਲਈ ਭੇਜੋ