ਨਿੱਕੀ ਜਿੰਨੀ ਜਿੰਦ ਅਸਾਡੀ, ਤੇ ਬਸਤੇ ਸਾਡੇ ਭਾਰੇ।
ਖੇਡਣ ਦੇ ਦਿਨ ਚਾਰ ਸੀ, ਜੋ ਅਸੀਂ ਸਮਿਆਂ ਹੱਥੋਂ ਹਾਰੇ।
ਹਰ ਵਿਸ਼ੇ ਦੇ ਕੰਮ ਅੱਗੇ, ਅਸੀਂ ਕੱਢਦੇ ਰਹੀਏ ਹਾੜ੍ਹੇ।
ਸਕੂਲੋਂ ਮਿਲਦੀ ਵਹਿਲ ਨਾ, ਅਸੀ ਟਿਊਸ਼ਨ ਹੱਥੇ ਚਾੜ੍ਹੇ।
ਹਰ ਮਾਪੇ ਦੀ ਚਾਹਤ ਹੈ, ਅਸੀਂ ਇੱਕ ਨੰਬਰ ਹੀ ਰਹੀਏ।
ਵਿੱਚ ਕਿਤਾਬਾਂ ਪਿਸਦੇ ਹਾਂ, ਗੱਲ ਦਿਲ ਦੀ ਕਿਸਨੂੰ ਕਹੀਏ।
ਇੱਕ ਤਿਮਾਹੀ, ਦੂਜੀ,ਫਿਰ ਤੀਜੀ,ਸਿਰ ਪੇਪਰ ਆ ਕੇ ਖੜ੍ਹਦੇ ਨੇ।
ਸਾਡਾ ਪੜ੍ਹਿਆ ਇਕ ਪਾਸੇ, ਸਾਡੇ ਮਾਪੇ ਵਧ ਕੇ ਪੜ੍ਹਦੇ ਨੇ।
ਨਿੱਕੇ-ਨਿੱਕੇ ਹੱਥ ਸਾਡੇ, ਫੜ ਪੈਨਸਿਲ ਲਿਖਣਾ ਸਿੱਖਦੇ ਨੇ
ਨੀਂਦਰ ਪੂਰੀ ਹੋਵੇ ਨਾ, ਫਿਰ ਅੱਖਰ ਧੁੰਦਲੇ ਦਿਸਦੇ ਨੇ।
ਨੱਚਾ ਟੱਪਾ ਜੇ ਕਿਧਰੇ, ਤਾਂ ਅੱਗੋਂ ਘੂਰੀ ਪੈਦੀਂ ਆ।
ਪੜ੍ਹ ਲੈ ਜੇ ਕੁਝ ਬਣਨਾ, ਬਸ ਆਵਾਜ਼ ਇਹ ਕੰਨੀਂ ਪੈਦੀਂ ਆ।
ਸਾਨੂੰ ਲੱਗੇ ਅਸਾਂ ਹਾਂ ਰੌਬਟ, ਕੰਮ ਅਸਾਡਾ ਪੜ੍ਹਨਾ।
ਨਿੱਕੇ ਪੈਰੀ ਕਦੇ ਨਾ ਥੱਕਣਾ, ਬਸ ਜਮਾਤਾਂ ਚੜ੍ਹਨਾ।
ਖੇਡਣ ਦੀ ਭੁੱਖ ਮੈਨੂੰ ਲੱਗੇ, ਮੈਂ ਵੀ ਚਾਹਵਾ ਹੱਸਣਾ।
ਉੱਡਣਾ ਵਿੱਚ ਹਵਾ ਦੇ ਚਾਹਵਾ,ਤੇ ਪਾਣੀ ਵਾਗੂੰ ਨੱਸਣਾ।
ਅੱਧੀ ਦੁਨੀਆਂ ਸੁੱਤੀ ਹੁੰਦੀ, ਬੱਸ ਸਾਡੀ ਆ ਜਾਦੀਂ ਆ।
ਬੈਗ ਪੂਰਾ,ਕੰਮ ਪੂਰਾ ਬਸ, ਇਹੀ ਟੈਂਸ਼ਨ ਖਾਂਦੀ ਆ।
ਦੇਖੇ ਸੁਪਨੇ ਪੂਰੇ ਹੋਵਣ, ਬਸ ਇਹੀ ਡਰ ਸਤਾਂਦਾ ਏ।
ਦੱਬਿਆ ਘੁੱਟਿਆ ਸੁੱਖਾ ਹੁਣ, ਬਸ ਭਾਰ ਉਠਾਈ ਜਾਂਦਾ ਏ।