ਜ਼ਿੰਦਗੀ
ਤੂੰ ਕਿਸੇ ਵੀ ਕੰਮ ਦੀ ਨਹੀਂ
ਜੇ ਸੂਰਜ ਦੀ ਅਗਵਾਈ
ਕਰਨ ਲਈ ਨਹੀਂ ਤਿਆਰ ਹੁੰਦੀ
ਆਕਾਸ਼ ਦੇ ਵਿਹੜੇ ਚੋਂ
ਆਪਣੇ ਚਾਨਣ ਵਾਲਾ
ਚੰਦ ਨਹੀਂ ਉਗਾਉਂਦੀ
ਜ਼ਿੰਦਗੀ ਕੁਝ ਵੀ ਨਹੀਂ ਹੁੰਦੀ
ਰਾਤ ਦੇ ਹਨ੍ਹੇਰੇ ਨੂੰ ਪੂੰਝਣਾ ਹੁੰਦਾ ਹੈ
ਹਵਾ ਦੀ ਛੁਹ ਲੈਣੀ ਹੁੰਦੀ ਹੈ
ਤਪਸ਼ ਨਾਲ ਮੱਥਾ ਲਾਉਣ ਲਈ
ਜਾਂ ਜ਼ਿੰਦਗੀ ਦਾ ਸੁਪਨਾ
ਚੰਨ ਸਿਤਾਰਿਆਂ ਨੂੰ ਕਹਿਣਾ ਹੁੰਦਾ ਹੈ
ਕਿ ਆਪਣੀ ਲੋਅ ਨਾਲ ਜਗੋ
ਖ਼ਬਰਦਾਰ ਜੇ ਕਿਸੇ ਤੋਂ ਰੌਸ਼ਨੀ ਮੰਗਣ ਗਏ ਤਾਂ
ਰਾਹਾਂ ਨੂੰ ਕਹਿਣਾ
ਕਿ ਵਗਦੇ ਰਿਹੋ ਕਾਫ਼ਲੇ ਬਣ ਕੇ
ਰੁੱਖ਼ਾਂ ਜੰਗਲਾਂ ਨੂੰ ਤਾਗੀਦ ਕਰਨੀ
ਕਿ ਪੱਤੜੜਾਂ ਨੂੰ ਵਾਪਸ ਮੋੜ ਦੇਣ
ਸੁੱਤੀਆਂ ਲਾਸ਼ਾਂ ਵੀ ਸਾਡੇ ਨਾਲ ਹਨ
ਤੁਸੀਂ ਉਹਨਾਂ ਨੂੰ ਗੀਤ ਸੁਣਾਉਂਦੇ ਰਿਹੋ
ਮੇਰੇ ਕੋਲੋਂ
ਕੁਝ ਦੁਆਵਾਂ ਲੈ ਜਾਇਓ ਉਹਨਾਂ ਲਈ
ਨਾਲ ਖੇਡਦੇ ਬੱਚੇ
ਮੋਹ ਕਰਦੇ ਨੇ ਮੇਰੇ ਗੀਤਾਂ ਨੂੰ
ਜੇਠ ਦੀ ਬਲ਼ਦੀ
ਮੁਸਕਰਾਹਟ ਨਾਲ ਲੜਦੇ ਹਨ
ਹੰਝੂਆਂ ਨਾਲ ਬਸੰਤ ਨਹੀਂ ਉਡੀਕਦੇ
ਸਾਡੇ ਲਈ
ਇਹ ਵਧੀਆ ਹਥਿਆਰਾਂ ਦਾ ਪਹਿਰਾਵਾ ਹੈ
ਹੋ ਰਹੀ ਲੁੱਟ ਨੂੰ ਸਾਂਝਾ ਕਰਦੇ ਵੀ
ਅਸੀਂ ਯੁੱਧ ਦੀ ਗੱਲ ਕਰਦੇ ਹਾਂ
ਉੱਚੀ ਉੱਚੀ ਹੱਸ ਕੇ
ਤੇ ਚੀਕਾਂ ਨਾਲ
ਅਸੀਂ ਸੁੱਤੀ ਧਰਤ ਨੂੰ
ਜਗਾਉਣ ਜਾਂਦੇ ਹਾਂ
ਤੇ ਕਬਰਾਂ ਚ ਪਏ ਆਰਾਮ ਪਸੰਦਾਂ ਨੂੰ ਵੀ ਮਿਹਣਾ ਦਿੰਦੇ ਹਾਂ ਜਾਂਦੇ ਜਾਂਦੇ
ਸ਼ਿਕਾਰੀ ਵਾਂਗ ਫਿਰਦੇ ਹਾਂ
ਨਵਾਂ ਸ਼ਿਕਾਰ ਲੱਭਦੇ
ਫੁੱਲ ਇਕੱਠੇ ਕਰ ਗੀਤ ਬਣਾਉਂਦੇ ਹਾਂ
ਤੇ ਤੁਫਾਨਾਂ ਨੂੰ ਮਜ਼ਾਕ ਕਰਦੇ ਹਾਂ
ਪੱਤਿਆਂ ਨੂੰ ਵਿਛਾ
ਮਿੱਠੀ ਨੀਂਦ ਦੇ ਬਿਸਤਰੇ 'ਤੇ ਸੌਂ ਜਾਂਦੇ ਹਾਂ