ਜ਼ਿੰਦਗੀ ਦਾ ਕੀ ਹੈ ਜੇਕਰ ਹੈ ਖ਼ਫ਼ਾ।
ਹੌਂਸਲੇ ਨੂੰ ਮੈਂ ਬਣਾਇਐ ਰਹਿਨੁਮਾ।
ਹੋਏ ਹਾਂ ਨਜ਼ਦੀਕ ਆਪਾਂ ਜਦ ਕਦੀ,
ਹੋਰ ਵੀ ਕੁਝ ਵਧ ਗਿਆ ਹੈ ਫ਼ੈਸਲਾ।
ਵਿੰਨ੍ਹ ਕੇ ਰਖ ਦੇ ਮੇਰੀ ਹਉਮੈ ਦੀ ਢਾਲ,
ਤੀਰ ਜੋ ਵੀ ਪਾਸ ਹੈ ਤੇਰੇ ਚਲਾ।
ਕੌਣ ਹੈ ਜੋ ਤੁਰ ਰਿਹਾ ਹੈ ਨਾਲ-ਨਾਲ,
ਏਹੋ ਵੇਖਣ ਵਾਸਤੇ ਮੈਂ ਰੁਕ ਗਿਆ।
ਮੈਂ ਤੇਰੇ ਵਿਸ਼ਵਾਸ ਨੂੰ ਲਾਈ ਹੈ ਢਾਹ,
ਮੈਂ ਤੇਰਾ ਮੁਜਰਮ ਹਾਂ ਮੈਨੂੰ ਦੇ ਸਜ਼ਾ।
ਕੌਣ ਸੀ, ਉਹ ਕੀ ਸੀ ਸਮਝਾਉਂਦਾ ‘ਸ਼ਸ਼ੀ’,
ਧੁੱਪ ਦੇ ਵਿਚ ਬਰਫ਼ ਜਿਹੜਾ ਧਰ ਗਿਆ।