ਜ਼ਿੰਦਗੀ ਦੇ ਨਕਸ਼ ਸਾਰੇ

ਜ਼ਿੰਦਗੀ ਦੇ ਨਕਸ਼ ਸਾਰੇ ਹੂਬਹੂ ਤੇਰੇ ਜਿਹੇ ।

ਅੰਬਰੀਂ ਚਮਕਣ ਸਿਤਾਰੇ ਹੂਬਹੂ ਤੇਰੇ ਜਿਹੇ ।

ਮੋਤੀਆਂ ਦੀ ਚੋਗ ਚੁਗਦੇ ਦਿਸ ਰਹੇ ਨੇ ਦੂਰ ਤੋਂ

ਹੰਸ ਸਰਵਰ ਦੇ ਕਿਨਾਰੇ ਹੂਬਹੂ ਤੇਰੇ ਜਿਹੇ ।

ਮੇਘਲੇ ਨੇ ਸਿਰਜ ਦਿੱਤੀ ਸੱਤਰੰਗੀ ਪੀਂਘ ਅਹੁ

ਦੇਖ ਰੰਗਾਂ ਦੇ ਨਜ਼ਾਰੇ ਹੂਬਹੂ ਤੇਰੇ ਜਿਹੇ ।

ਰੱਖ ਢਾਕਾਂ 'ਤੇ ਘੜੇ ਜੋ ਗਾਉਂਦੀਆਂ ਨੇ ਗੋਰੀਆਂ

ਗੀਤ ਨੇ ਫੁੱਲਾਂ ਦੇ ਬਾਰੇ ਹੂਬਹੂ ਤੇਰੇ ਜਿਹੇ ।

ਮਨ 'ਚ ਮੇਰੇ ਪੈਲ ਪਾਉਂਦੇ ਸੁਪਨਿਆਂ ਦੇ ਮੋਰ ਜੋ

ਤੇਰੀਆਂ ਯਾਦਾਂ ਚਿਤਾਰੇ ਹੂਬਹੂ ਤੇਰੇ ਜਿਹੇ ।

ਛੇੜਿਆ ਸੰਗੀਤ ਰੂਹ ਨੇ ਵਜ ਰਿਹਾ ਹੈ ਜਲ- ਤਰੰਗ

ਸੁਰ ਸਰੰਗੀ ਇੱਕਤਾਰੇ ਹੂਬਹੂ ਤੇਰੇ ਜਿਹੇ ।

ਟਿਮਟਿਮਾਉਂਦੇ ਰਾਤ ਭਰ ਜੁਗਨੂੰ ਜਿਵੇਂ ਆ ਝੀਲ 'ਤੇ

ਲਗ ਰਹੇ ਮੇਲੇ- ਉਜਾਰੇ ਹੂਬਹੂ ਤੇਰੇ ਜਿਹੇ ।

ਉਸ ਬਨੇਰੇ ਬਣ ਕਤਾਰਾਂ ਬਲ ਰਹੇ ਨੇ ਦੀਵੜੇ

ਇਹ ਉਡੀਕਾਂ ਵਿਚ ਪਿਆਰੇ ਹੂਬਹੂ ਤੇਰੇ ਜਿਹੇ ।

ਦੂਰ ਕਿਧਰੋਂ ਆ ਰਹੇ ਚਰਖੇ ਦੀ ਮਿੱਠੀ ਘੂਕ ਬਣ

ਲੋਰੀਆਂ ਵਰਗੇ ਹੁਲਾਰੇ ਹੂਬਹੂ ਤੇਰੇ ਜਿਹੇ ।

ਠੰਡੀਆਂ ਛਾਵਾਂ ਅਤੇ ਸੀਤਲ ਦੁਆਵਾਂ ਵਾਗਰਾਂ

ਰੁੱਖ ਲਹਿਰਾਂ ਦੇ ਦੁਆਰੇ ਹੂਬਹੂ ਤੇਰੇ ਜਿਹੇ ।

📝 ਸੋਧ ਲਈ ਭੇਜੋ