ਬੱਚੇ ਵਾਂਗ ਪਾਲ਼ੇ ਇਹ ਜਿਸਮ ਮਿੱਟੀ 'ਚ ਰਲ਼ ਜਾਣਗੇ,
ਵੇਖ ਲਵੀਂ ਜ਼ਿੰਦਗੀ ਦੇ ਸੂਰਜ ਇਕ ਦਿਨ ਢਲ਼ ਜਾਣਗੇ।
ਸਾਇਦ ਝੂਠ ਦੇ ਕਿਨਾਰੇ ਪਲ ਦੋ ਪਲ ਤਾਂ ਰੋਕ ਲੈਣ,
ਪਰ ਸਦਾ ਲਈ ਸੱਚ ਦੇ ਹੜ, ਦੱਸ ਕਿਵੇਂ ਠੱਲ ਜਾਣਗੇ।
ਸ਼ੀਸ਼ੇ ਦਿਲ,ਸ਼ੀਸ਼ੇ ਜਿਸਮ,ਸ਼ੀਸ਼ੇ ਹੀ ਇਰਾਦੇ ਨੇ ਵੈਰੀ ਦੇ,
ਤੁਸੀ ਕ੍ਰਾਂਤੀ ਦੀ ਅੱਗ ਬਾਲ਼ੋ,ਇਹ ਆਪੇ ਪਿਘਲ ਜਾਣਗੇ।
ਗਰੀਬੀ,ਅਨਿਆਂ,ਜ਼ਬਰ ਤੇ ਅੰਧ-ਵਿਸਵਾਸ ਕਿੰਨੇ ਸਵਾਲ,
ਵੇ ਲੋਕਾ ਜੇ ਕੋਸ਼ਿਸ ਕਰੇਂ, ਸਭ ਸਵਾਲ ਹੋ ਹੱਲ ਜਾਣਗੇ।
ਸੱਚੇ ਇਨਸਾਨਾਂ ਵਾਲੇ ਵੇਸ-ਭੇਸ ਵੇਖ ਕੇ ਵੋਟ ਪਾ ਦਿੱਤੇ,
ਕੀ ਪਤਾ ਸੀ ਇਹੋ ਲੀਡਰ ਸਾਡੇ ਹੀ ਸੁਫਨੇ ਨਿਗਲ ਜਾਣਗੇ।
ਸਿਰਫ ਦੂਰੋਂ-ਦੂਰੋਂ ਹੀ ਸੇਕ, ਤੇਰੀ ਠੰਡ ਮਿਟ ਜਾਵੇਗੀ,
ਸਿੱਧੂ" ਆਤਿਸ਼ ਨੂੰ ਛੋਹੀਂ ਨਾ, ਤੇਰੇ ਹੱਥ ਜਲ਼ ਜਾਣਗੇ।